ਐਡਿਨਬਰਾ ''ਚ ਭਾਰਤੀ ਕੌਂਸਲੇਟ ਜਨਰਲ ਦਫ਼ਤਰ ਵੱਲੋਂ ਮਨਾਇਆ ਗਿਆ ਕੌਮਾਂਤਰੀ ਦਿਹਾੜਾ
Friday, Mar 13, 2020 - 02:28 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਐਡਿਨਬਰਾ ਸਥਿਤ ਭਾਰਤੀ ਕੌਂਸਲੇਟ ਜਨਰਲ ਆਫ ਇੰਡੀਆ ਦਫ਼ਤਰ ਵੱਲੋਂ ਕੌਂਸਲ ਜਨਰਲ ਹਿਤੇਸ਼ ਰਾਜਪਾਲ ਦੀ ਅਗਵਾਈ ਵਿੱਚ ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ। ਆਪਣੇ ਸਵਾਗਤੀ ਭਾਸ਼ਣ ਦੌਰਾਨ ਸ੍ਰੀ ਹਿਤੇਸ਼ ਰਾਜਪਾਲ ਨੇ ਕਿਹਾ ਕਿ ਸਾਡੁ ਗੁਰੂਆਂ, ਪੀਰ ਪੈਗੰਬਰਾਂ ਨੇ ਔਰਤ ਨੂੰ ਇਸ ਜਗਤ ਦੀ ਜਣਨੀ ਸ਼ਬਦ ਨਾਲ ਸੰਬੋਧਨ ਕਰਕੇ ਉਸਦੀ ਮਹਾਨਤਾ ਦਰਸਾਈ ਹੈ। ਹਰ ਸਖਸ਼ ਦੀ ਜ਼ਿੰਦਗੀ ਵਿੱਚ ਔਰਤ ਦਾ ਅਹਿਮ ਰੋਲ ਹੈ, ਬੇਸ਼ੱਕ ਉਹ ਔਰਤ ਮਾਂ, ਭੈਣ, ਪਤਨੀ, ਬੇਟੀ ਹੋਵੇ। ਹਰ ਮਨੁੱਖ ਦੇ ਜਨਮ ਪਿੱਛੇ ਮਾਂ ਦੇ ਰੂਪ ਵਿੱਚ ਔਰਤ ਆਪਣੇ ਸਰੀਰ 'ਤੇ ਨੌ ਮਹੀਨੇ ਕਸ਼ਟ ਝੱਲਦੀ ਹੈ।
ਆਪਣੀ ਜਨਮ-ਪ੍ਰਕਿਰਿਆ ਨੂੰ ਯਾਦ ਕਰਕੇ ਜਿਸ ਮਨੁੱਖ ਦੇ ਮਨ ਵਿੱਚ ਮੱਲੋਮੱਲੀ ਔਰਤ ਦਾ ਸਤਿਕਾਰ ਆਉਂਦਾ ਹੈ, ਉਹ ਮਨੁੱਖ ਹੀ ਅਸਲ ਮਨੁੱਖ ਅਖਵਾਉਣ ਦਾ ਹੱਕਦਾਰ ਹੈ। ਸ੍ਰੀ ਹਿਤੇਸ਼ ਰਾਜਪਾਲ ਨੇ ਦੁਨੀਆ ਭਰ ਦੀ ਹਰ ਔਰਤ ਨੂੰ ਬਹੁਤ ਹੀ ਭਾਵੁਕ ਸਲਾਮ ਪੇਸ਼ ਕੀਤੀ। ਇਸ ਸਮੇਂ ਸਕਾਟਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚੋਂ ਪਹੁੰਚੀਆਂ ਘਰੇਲੂ ਕੰਮਕਾਜ਼ੀ, ਦਫ਼ਤਰਾਂ 'ਚ ਕੰਮ ਕਰਦੀਆਂ, ਕਾਰੋਬਾਰੀ ਔਰਤਾਂ ਨੇ ਸਮਾਗਮ ਵਿੱਚ ਹਿੱਸਾ ਲਿਆ। ਜਿੱਥੇ ਇਸ ਸਮੇਂ ਵੱਖ-ਵੱਖ ਫਿਰਕਿਆਂ, ਖੇਤਰਾਂ ਨਾਲ ਸੰਬੰਧਤ ਔਰਤਾਂ ਨੂੰ ਦਫ਼ਤਰ ਵੱਲੋਂ ਯਾਦਗਾਰੀ ਚਿੰਨ੍ਹਾਂ ਨਾਲ ਨਿਵਾਜਿਆ ਗਿਆ ਉੱਥੇ ਸਕਾਟਲੈਂਡ ਵਿੱਚ ਔਰਤਾਂ ਲਈ ਬਿਹਤਰ ਮੰਚ ਪ੍ਰਦਾਨ ਕਰਨ ਦੇ ਇਰਾਦੇ ਦੇ ਤਹਿਤ ਸ੍ਰੀਮਤੀ ਭਾਵਨਾ ਚੋਪੜਾ ਰਾਜਪਾਲ ਨੇ ਨਵੀ ਸਕਾਟਿਸ਼ ਇੰਡੀਅਨ ਵੂਮੈਨ ਫੋਰਮ ਨਾਮੀ ਸੰਸਥਾ ਦਾ ਰਸਮੀ ਐਲਾਨ ਕੀਤਾ।
ਸਕਾਟਲੈਂਡ ਫਰੈਂਡਜ਼ ਆਫ ਇੰਡੀਆ ਦੇ ਚੇਅਰਮੈਨ ਨੀਲ ਲਾਲ ਨੇ ਕਿਹਾ ਕਿ ਇਹ ਫੋਰਮ ਸਕਾਟਲੈਂਡ ਵਿੱਚ ਔਰਤਾਂ ਨੂੰ ਇੱਕਮੁੱਠ ਕਰਨ ਵਿੱਚ ਬੇਹੱਦ ਸਹਾਈ ਸਾਬਤ ਹੋਵੇਗੀ। ਸਮਾਗਮ ਦੌਰਾਨ ਪੂਨਮ ਗੁਪਤਾ, ਬਸ਼ਾਬੀ ਫਰੇਜ਼ਰ, ਕਰਾਂਤੀ ਹਿਰੇਮਥ ਵੱਲੋਂ ਆਪਣੇ ਭਾਸ਼ਣਾਂ ਰਾਹੀਂ ਭਾਵਪੂਰਤ ਵਿਚਾਰ ਪੇਸ਼ ਕੀਤੇ ਅਤੇ ਨੇਹਾ ਚੌਹਾਨ ਨੇ ਕਵਿਤਾ ਸੁਣਾ ਕੇ ਵਾਹ-ਵਾਹ ਖੱਟੀ। ਇਸ ਤੋਂ ਇਲਾਵਾ ਲਘੂ ਫਿਲਮ, ਪ੍ਰਦਰਸ਼ਨੀ ਅਤੇ ਵਿਚਾਰ ਚਰਚਾ ਦੇ ਸ਼ੈਸ਼ਨ ਵੀ ਆਯੋਜਿਤ ਕੀਤੇ ਗਏ।