ਇਕਵਾਡੋਰ ਨੂੰ ਮਿਲੇਗੀ ਫਾਈਜ਼ਰ ਦੇ 20 ਲੱਖ ਕੋਰੋਨਾ ਟੀਕੇ ਦੀ ਖੁਰਾਕ
Friday, Jan 01, 2021 - 06:14 PM (IST)
ਕਵਿਟੋ- ਇਕਵਾਡੋਰ ਨੇ ਫਾਈਜ਼ਰ ਨਾਲ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ, ਜਿਸ ਤਹਿਤ ਕੋਰੋਨਾ ਵਾਇਰਸ ਦੇ 20 ਲੱਖ ਟੀਕਿਆਂ ਦੀ ਖੁਰਾਕ ਦਰਾਮਦ ਕੀਤੀ ਜਾਵੇਗੀ।
ਇਕਵਾਡੋਰ ਦੇ ਰਾਸ਼ਟਰਪਤੀ ਲੈਨਿਨ ਮੋਰੇਨੋ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕਰਕੇ ਕਿਹਾ,"ਅਸੀਂ ਮਹਾਮਾਰੀ ਖ਼ਿਲਾਫ਼ ਸਾਰੀਆਂ ਲੜਾਈਆਂ ਜਿੱਤਾਂਗੇ। ਅਸੀਂ ਰਾਸ਼ਟਰੀ ਟੀਕਾਕਰਨ ਯੋਜਨਾ ਦੇ ਹਿੱਸੇ ਦੇ ਤੌਰ 'ਤੇ 20 ਲੱਖ ਖੁਰਾਕ ਸੁਰੱਖਿਅਤ ਕਰਨ ਲਈ ਫਾਈਜ਼ਰ ਨਾਲ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਜਨਵਰੀ ਤੋਂ ਵੱਖਰੇ ਪੜਾਅ ਵਿਚ ਸਪਲਾਈ ਸ਼ੁਰੂ ਹੋ ਜਾਵੇਗੀ। ਇੱਥੇ ਕੋਰੋਨਾ ਕਾਰਨ 2 ਲੱਖ 13 ਹਜ਼ਾਰ ਤੋਂ ਵੱਧ ਲੋਕ ਪੀੜਤ ਹਨ ਅਤੇ 14 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਭਗ ਸਾਰੇ ਹੀ ਦੇਸ਼ ਕੋਰੋਨਾ ਟੀਕਾ ਲਗਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇਸ ਮੁਹਿੰਮ ਵਿਚ ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਦੇਸ਼ਾਂ ਵਿਚ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ। ਇਕ-ਦੋ ਵਿਅਕਤੀਆਂ ਨੂੰ ਇਸ ਟੀਕੇ ਕਾਰਨ ਐਲਰਜੀ ਦੀ ਸ਼ਿਕਾਇਤ ਵੀ ਹੋਈ ਪਰ ਇਸ ਦੇ ਹੱਲ ਲਈ ਵੀ ਡਾਕਟਰ ਕੰਮ ਕਰ ਰਹੇ ਹਨ।