ਯੂਗਾਂਡਾ ''ਚ ਇਬੋਲਾ ਵਾਇਰਸ ਦਾ ਕਹਿਰ, ਮ੍ਰਿਤਕਾਂ ਦੀ ਗਿਣਤੀ 11 ਹੋਈ

Saturday, Sep 24, 2022 - 04:28 PM (IST)

ਯੂਗਾਂਡਾ ''ਚ ਇਬੋਲਾ ਵਾਇਰਸ ਦਾ ਕਹਿਰ, ਮ੍ਰਿਤਕਾਂ ਦੀ ਗਿਣਤੀ 11 ਹੋਈ

ਕੰਪਾਲਾ (ਏਜੰਸੀ)- ਪੂਰਬੀ ਅਫਰੀਕੀ ਦੇਸ਼ ਯੂਗਾਂਡਾ ਵਿਚ ਇਬੋਲਾ ਵਾਇਰਸ ਦਾ ਪ੍ਰਕੋਪ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਕੇਂਦਰੀ ਜ਼ਿਲ੍ਹੇ ਮੁਬੇਂਡੇ 'ਚ ਇਸ ਵਾਇਰਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਰਾਸ਼ਟਰੀ ਸਿਹਤ ਮੰਤਰਾਲਾ ਨੇ ਦਿੱਤੀ। ਮੰਤਰਾਲਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਟਵੀਟ ਵਿੱਚ ਕਿਹਾ ਗਿਆ ਹੈ, 'ਇਬੋਲਾ ਨਾਲ ਤਿੰਨ ਮੌਤਾਂ ਤੋਂ ਬਾਅਦ ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ 11 ਹੋ ਗਈ ਹੈ।'

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ 11 ਲੋਕਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਇਸ ਸਮੇਂ 25 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 6 ਕੇਸ ਇਬੋਲਾ ਵਾਇਰਸ ਦੀ ਲਾਗ ਦੇ ਹਨ ਜਦੋਂ ਕਿ 19 ਇਬੋਲਾ ਵਾਇਰਸ ਦੇ ਸ਼ੱਕੀ ਹਨ। ਮੰਤਰਾਲਾ ਇਸ ਸਮੇਂ ਸੰਕਰਮਿਤਾਂ ਦੇ ਸੰਪਰਕ ਵਿਚ ਆਏ 58 ਲੋਕਾਂ 'ਤੇ ਨਜ਼ਰ ਰੱਖ ਰਿਹਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਇੱਕ 24 ਸਾਲਾ ਸੰਕਰਮਿਤ ਨੌਜਵਾਨ ਦੀ ਮੌਤ ਤੋਂ ਬਾਅਦ ਮੁਬੇਂਡੇ ਪ੍ਰਸ਼ਾਸਨ ਨੇ ਘੋਸ਼ਣਾ ਕੀਤੀ ਕਿ ਮੁਬੇਂਡੇ ਇਬੋਲਾ ਦੀ ਲਪੇਟ ਵਿਚ ਆ ਚੁੱਕਾ ਹੈ।

ਈਬੋਲਾ ਇੱਕ ਗੰਭੀਰ ਵਾਇਰਲ ਬਿਮਾਰੀ ਹੈ ਜੋ ਮਨੁੱਖਾਂ ਦੇ ਨਾਲ-ਨਾਲ ਜਾਨਵਰਾਂ ਦੀਆਂ ਕੁਝ ਪ੍ਰਜਾਤੀਆਂ ਨੂੰ ਵੀ ਸੰਕਰਮਿਤ ਕਰਦੀ ਹੈ। ਇਹ ਬਿਮਾਰੀ ਸਾਲ 2000 ਵਿੱਚ ਦੇਸ਼ ਵਿੱਚ ਤਬਾਹੀ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਈ ਸੀ ਜਦੋਂ ਇਸ ਦੀ ਲਾਗ 425 ਲੋਕਾਂ ਵਿੱਚ ਪਾਈ ਗਈ ਸੀ ਅਤੇ 224 ਲੋਕਾਂ ਦੀ ਮੌਤ ਹੋ ਗਈ ਸੀ। ਸਾਲ 2019 ਵਿੱਚ ਵੀ ਇਸ ਬਿਮਾਰੀ ਦੇ ਸੰਕਰਮਣ ਦੇ ਕਈ ਮਾਮਲੇ ਸਾਹਮਣੇ ਆਏ ਸਨ। 2015 ਵਿੱਚ, ਅਫਰੀਕੀ ਦੇਸ਼ ਗਿਨੀ, ਸੀਅਰਾ ਲਿਓਨ ਅਤੇ ਲਾਇਬੇਰੀਆ ਇਸ ਬਿਮਾਰੀ ਦੇ ਫੈਲਣ ਦੇ ਕੇਂਦਰ ਬਿੰਦੂ ਬਣੇ ਸਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਪਿਛਲੀ ਵਾਰ 28 ਹਜ਼ਾਰ 600 ਲੋਕ ਇਸ ਜਾਨਲੇਵਾ ਬੀਮਾਰੀ ਨਾਲ ਪ੍ਰਭਾਵਿਤ ਹੋਏ ਸਨ ਅਤੇ 11 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।


author

cherry

Content Editor

Related News