ਬ੍ਰਿਟੇਨ ''ਚ ਬਾਹਰ ਖਾਣਾ ਖਾਣ ''ਤੇ ਮਿਲੇਗੀ 50 ਫੀਸਦੀ ਦੀ ਛੋਟ

Friday, Jul 10, 2020 - 02:05 AM (IST)

ਬ੍ਰਿਟੇਨ ''ਚ ਬਾਹਰ ਖਾਣਾ ਖਾਣ ''ਤੇ ਮਿਲੇਗੀ 50 ਫੀਸਦੀ ਦੀ ਛੋਟ

ਲੰਡਨ - ਬਿ੍ਰਟੇਨ ਵਿਚ ਅਗਸਤ ਦੇ ਮਹੀਨੇ ਦੌਰਾਨ ਰੈਸਤਰਾਂ ਵਿਚ ਖਾਣਾ ਖਾਣ ਵਾਲੇ ਲੋਕਾਂ ਨੂੰ ਬਿੱਲ ਵਿਚ 50 ਫੀਸਦੀ ਦੀ ਛੋਟ ਮਿਲੇਗੀ। ਹੋਸਪਿਟੈਲਿਟੀ ਸੈਕਟਰ ਨੂੰ ਸੰਭਾਲਣ ਲਈ ਬਿ੍ਰਟਿਸ਼ ਸਰਕਾਰ ਦੀ ਯੋਜਨਾ ਦੇ ਤਹਿਤ ਇਹ ਕਦਮ ਚੁੱਕਿਆ ਜਾ ਰਿਹਾ ਹੈ। ਦੇਸ਼ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਮੁਤਾਬਕ, ਅਗਸਤ ਵਿਚ ਅਸੀਮਤ ਵਾਰ ਇਸ ਛੋਟ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ ਅਤੇ ਦੇਸ਼ ਭਰ ਵਿਚ ਇਸ ਯੋਜਨਾ ਦਾ ਹਿੱਸਾ ਬਣਨ ਵਾਲੇ ਰੈਸਤਰਾਂ, ਕੈਫੇ ਅਤੇ ਪੱਬ ਵਿਚ ਇਸ ਛੋਟ ਦਾ ਫਾਇਦਾ ਮਿਲੇਗਾ। ਕੋਰੋਨਾਵਾਇਰਸ ਮਹਾਮਾਰੀ ਵਿਚਾਲੇ ਦੇਸ਼ ਦੀ ਅਰਥ ਵਿਵਸਥਾ ਨੂੰ ਫਿਰ ਤੋਂ ਸ਼ੁਰੂ ਕਰਨ ਦੇ ਯਤਨ ਦੇ ਤੌਰ 'ਤੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ 'ਇਟ ਆਊਟ ਟੂ ਹੈਲਪ ਆਊਟ' ਛੋਟ ਦਾ ਐਲਾਨ ਕੀਤਾ। ਇਸ ਡੀਲ ਦਾ ਮਤਲਬ ਇਹ ਹੋਇਆ ਕਿ ਜੇਕਰ ਲੋਕ ਸੋਮਵਾਰ ਤੋਂ ਬੁੱਧਵਾਰ ਤੱਕ ਬਾਹਰ ਖਾਣਾ ਖਾਂਦੇ ਹਨ ਤਾਂ ਪ੍ਰਤੀ ਵਿਅਕਤੀ ਉਨ੍ਹਾਂ ਦੇ 10 ਪੌਂਡ ਬਚਣਗੇ। ਹਾਲਾਂਕਿ ਇਹ ਡਿਸਕਾਊਂਟ ਸ਼ਰਾਬ 'ਤੇ ਲਾਗੂ ਨਹੀਂ ਹੋਵੇਗੀ। ਪਰ ਖਾਣ ਅਤੇ ਸਾਫਟ ਡਿ੍ਰਕੰਸ 'ਤੇ ਇਹ ਪੈਸੇ ਬਚਾਏ ਜਾ ਸਕਣਗੇ।

ਸੁਨਕ ਨੇ ਇਹ ਵੀ ਦੱਸਿਆ ਕਿ ਹੋਸਪਿਟੈਲਿਟੀ ਅਤੇ ਸੈਰ-ਸਪਾਟੇ 'ਤੇ ਵੈਟ ਘਟਾ ਕੇ 5 ਫੀਸਦੀ ਕਰ ਦਿੱਤਾ ਜਾਵੇਗਾ। ਪਹਿਲਾਂ ਇਹ 20 ਫੀਸਦੀ ਸੀ। ਘਟਿਆ ਹੋਇਆ ਵੈਟ ਅਗਲੇ 6 ਮਹੀਨੇ ਤੱਕ ਲਾਗੂ ਰਹੇਗਾ। ਇਥੇ ਪੱਬ ਅਤੇ ਰੈਸਤਰਾਂ 3 ਮਹੀਨੇ ਤੋਂ ਬਾਅਦ ਸ਼ਨੀਵਾਰ ਨੂੰ ਖੁੱਲ੍ਹਣ ਜਾ ਰਹੇ ਹਨ। ਸੁਨਕ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਬਾਹਰ ਖਾਣਾ ਸੁਰੱਖਿਅਤ ਹੋਵੇਗਾ। ਉਨ੍ਹਾਂ ਆਖਿਆ ਕਿ ਮੈਂ ਜਾਣਦਾ ਹਾਂ ਕਿ ਲੋਕ ਬਾਹਰ ਜਾਣ ਨੂੰ ਲੈ ਕੇ ਸਾਵਧਾਨੀ ਵਰਤ ਰਹੇ ਹਨ। ਪਰ ਅਸੀਂ ਪਾਬੰਦੀਆਂ ਨਾ ਹਟਾਉਂਦੇ, ਜੇਕਰ ਸਾਨੂੰ ਲੱਗਦਾ ਕਿ ਅਸੀਂ ਇਹ ਸੁਰੱਖਿਅਤ ਤਰੀਕੇ ਨਾਲ ਨਹੀਂ ਕਰ ਪਾਵਾਂਗੇ। ਸੁਨਕ ਨੇ ਕਿਹਾ ਕਿ ਇਸ ਯੋਜਨਾ ਦਾ ਮਕਸਦ ਲੋਕਾਂ ਨੂੰ ਵਾਪਸ ਰੈਸਤਰਾਂ, ਕੈਫੇ ਅਤੇ ਪੱਬ ਵੱਲ ਲਿਜਾਣਾ ਅਤੇ 1.8 ਮਿਲੀਅਨ ਲੋਕਾਂ ਨੂੰ ਕੰਮ 'ਤੇ ਵਾਪਸ ਲਿਆਉਣਾ ਹੋਵੇਗਾ। ਪਰ ਇਸ ਯੋਜਨਾ ਦੀ ਨਿੰਦਾ ਵੀ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਬਿ੍ਰਟਿਸ਼ ਲੋਕ ਕੋਰੋਨਾਵਾਇਰਸ ਨਾਲ ਮਰ ਰਹੇ ਹਨ ਅਤੇ ਆਰਥਿਕ ਰੂਪ ਨਾਲ ਸੰਘਰਸ਼ ਕਰ ਰਹੇ ਹਨ, ਜਦਕਿ ਇਸ ਵਿਚਾਲੇ ਬਾਹਰ ਖਾਣਾ ਖਾਣ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ।


author

Khushdeep Jassi

Content Editor

Related News