ਫਿਰ ਕੰਬ ਗਈ ਪਾਕਿਸਤਾਨ ਦੀ ਧਰਤੀ, ਭੂਚਾਲ ਦੇ ਝਟਕਿਆਂ ਮਗਰੋਂ ਘਰਾਂ ''ਚੋਂ ਬਾਹਰ ਭੱਜੇ ਲੋਕ
Tuesday, May 27, 2025 - 09:22 PM (IST)

ਇੰਟਰਨੈਸ਼ਨਲ ਡੈਸਕ- ਅੱਤਵਾਦ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਇਸ ਸਮੇਂ ਦੋਹਰੀ ਮਾਰ ਝੱਲ ਰਿਹਾ ਹੈ। ਇੱਕ ਪਾਸੇ ਜਿਥੇ ਭਾਰਤ ਨੇ ਹਵਾਈ ਹਮਲੇ ਕਰਕੇ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ਦੇ ਨਾਲ-ਨਾਲ ਇਸਦੇ ਫੌਜੀ ਟਿਕਾਣਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ, ਉਥੇ ਹੀ ਦੂਜੇ ਪਾਸੇ ਕੁਦਰਤ ਵੀ ਪਾਕਿਸਤਾਨ 'ਤੇ ਆਪਣਾ ਕਹਿਰ ਢਾਹ ਰਹੀ ਹੈ।
ਪਾਕਿਸਤਾਨ ਦੀ ਧਰਤੀ ਮੰਗਲਵਾਰ (27 ਮਈ, 2025) ਦੀ ਸ਼ਾਮ ਨੂੰ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬ ਗਈ। ਭੂਚਾਲ ਦੇ ਝਟਕੇ ਮਹਿਸੂਸ ਕਰਦੇ ਹੀ ਲੋਕਾਂ 'ਚ ਦਹਿਸ਼ਤ ਫੈਲ ਗਈ ਅਤੇ ਭੱਜ ਕੇ ਆਪਣੇ ਘਰਾਂ 'ਚੋਂ ਬਾਹਰ ਨਿਕਲ ਆਏ। ਇਸ ਵਾਰ ਭੂਚਾਲ ਦੇ ਝਟਕਿਆਂ ਨਾਲ ਉਹ ਜਗ੍ਹਾ ਕੰਬ ਉੱਠੀ ਜਿਥੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਭਾਰਤ ਨੇ ਬ੍ਰਹਮੋਸ ਨਾਲ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਸੀ।
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ, ਮੰਗਲਵਾਰ ਸ਼ਾਮ 7:20 ਵਜੇ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 4.2 ਮਾਪੀ ਗਈ। ਇਸਦਾ ਕੇਂਦਰ ਝੰਗ ਸਦਰ ਸ਼ਹਿਰ ਤੋਂ 19 ਕਿਲੋਮੀਟਰ ਪੂਰਬ ਵੱਲ ਸਥਿਤ ਸੀ। ਝੰਗ ਸਦਰ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਇੱਕ ਵੱਡਾ ਸ਼ਹਿਰ ਹੈ, ਜੋ ਫੈਸਲਾਬਾਦ ਡਿਵੀਜ਼ਨ ਵਿੱਚ ਚਨਾਬ ਦਰਿਆ ਦੇ ਕੰਢੇ ਸਥਿਤ ਹੈ।
ਇਹ ਭੂਚਾਲ ਸਿਰਫ਼ ਇੱਕ ਭੂਗੋਲਿਕ ਘਟਨਾ ਨਹੀਂ ਹੈ, ਸਗੋਂ ਇੱਕ ਰਣਨੀਤਕ ਤੌਰ 'ਤੇ ਬਹੁਤ ਸੰਵੇਦਨਸ਼ੀਲ ਖੇਤਰ ਵਿੱਚ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਝੰਗ ਸਦਰ ਤੋਂ ਕੁਝ ਸੌ ਕਿਲੋਮੀਟਰ ਦੂਰ ਸਥਿਤ ਬਹਾਵਲਪੁਰ ਭਾਰਤ ਦੀ ਸਖ਼ਤ ਨਿਗਰਾਨੀ ਹੇਠ ਹੈ। ਇਨ੍ਹਾਂ ਇਲਾਕਿਆਂ ਵਿੱਚ ਪਾਕਿਸਤਾਨ ਸਮਰਥਿਤ ਅੱਤਵਾਦੀ ਟਿਕਾਣਿਆਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਸੀ ਅਤੇ ਭਾਰਤ ਨੇ ਉਨ੍ਹਾਂ ਨੂੰ ਮਿਜ਼ਾਈਲਾਂ ਨਾਲ ਤਬਾਹ ਕਰ ਦਿੱਤਾ ਸੀ।