ਆ ਗਿਆ ਭੂਚਾਲ, ਸੜਕਾਂ 'ਤੇ ਭੱਜ ਤੁਰੇ ਲੋਕ, ਮਾਰਿਆ ਗਿਆ ਬੰਦਾ
Friday, Oct 10, 2025 - 12:16 PM (IST)

ਮਨੀਲਾ- ਦੱਖਣੀ ਫਿਲੀਪੀਨ 'ਚ ਸ਼ੁੱਕਰਵਾਰ ਸਵੇਰੇ 7.4 ਤੀਬਰਤਾ ਵਾਲੇ ਭੂਚਾਲ ਦੇ ਪ੍ਰਭਾਵ ਨਾਲ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਭੂਚਾਲ ਨਾਲ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ, ਬਿਜਲੀ ਸਪਲਾਈ ਰੁਕੀ ਅਤੇ ਸੁਨਾਮੀ ਦੇ ਡਰ ਕਾਰਨ ਨੇੜਲੇ ਤਟਵਰਤੀ ਖੇਤਰਾਂ ਨੂੰ ਖਾਲੀ ਕਰਵਾਇਆ ਗਿਆ।
ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਕਿਹਾ ਕਿ ਸੰਭਾਵਿਤ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਅਤੇ ਸੁਰੱਖਿਅਤ ਹਾਲਾਤ ਬਣਨ 'ਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤਾ ਜਾਵੇਗਾ। ਫਿਲੀਪੀਨ ਦੇ ਜਵਾਲਾਮੁਖੀ ਵਿਗਿਆਨ ਅਤੇ ਭੂਚਾਲ ਸੰਸਥਾਨ ਨੇ ਚਿਤਾਵਨੀ ਦਿੱਤੀ ਹੈ ਕਿ ਭੂਚਾਲ ਨਾਲ ਹੋਰ ਨੁਕਸਾਨ ਹੋ ਸਕਦਾ ਹੈ ਅਤੇ ਅੱਗੇ ਵੀ ਕੁਝ ਝਟਕੇ ਆ ਸਕਦੇ ਹਨ। ਭੂਚਾਲ ਦਾ ਕੇਂਦਰ ਸ਼ਹਿਰ ਤੋਂ ਲਗਭਗ 62 ਕਿਲੋਮੀਟਰ ਦੱਖਣ-ਪੂਰਬੀ ਸਮੁੰਦਰ 'ਚ ਦਾਵਾਓ ਓਰੀਏਂਟਲ ਸੂਬੇ ਦੇ ਨੇੜੇ ਸਮੁੰਦਰ 'ਚ ਸਥਿਤ ਸੀ।
ਨਾਗਰਿਕ ਸੁਰੱਖਿਆ ਦਫ਼ਤਰ ਦੇ ਉਪ ਪ੍ਰਸ਼ਾਸਕ ਬਰਨਾਰਡੋ ਰਾਫੇਲਿਟੋ ਐਲੇਜਾਂਦ੍ਰੋ ਨੇ ਕਿਹਾ ਕਿ ਦੱਖਣੀ ਪ੍ਰਾਂਤ 'ਚ ਮਲਬੇ ਹੇਠ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋਈ। ਕਈ ਇਮਾਰਤਾਂ ਦੀਆਂ ਦੀਵਾਰਾਂ 'ਚ ਤਰੇੜਾਂ ਆਈਆਂ, ਜਿਸ 'ਚ ਦਾਵਾਓ ਸ਼ਹਿਰ ਦਾ ਇਕ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਸ਼ਾਮਲ ਹੈ, ਹਾਲਾਂਕਿ ਉੱਥੇ ਉਡਾਣਾਂ ਜਾਰੀ ਹਨ। ਜੇਨੇਰੋਸੋ ਸ਼ਹਿਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉੱਥੇ ਦੇ ਇਕ ਉੱਚ ਸਕੂਲ ਦੇ ਘੱਟੋ-ਘੱਟ 50 ਵਿਦਿਆਰਥੀਆਂ ਨੂੰ ਸੱਟਾਂ ਲੱਗਣ, ਬੇਹੋਸ਼ ਹੋਣ ਜਾਂ ਚੱਕਰ ਆਉਣ ਕਾਰਨ ਹਸਪਤਾਲ ਲਿਜਾਇਆ ਗਿਆ।
ਹੋਨੋਲੂਲੂ ਸਥਿਤ ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਦੱਸਿਆ ਕਿ ਭੂਚਾਲ ਦੇ ਦੋ ਘੰਟੇ ਬਾਅਦ ਫਿਲੀਪੀਨ ਅਤੇ ਇੰਡੋਨੇਸ਼ੀਆ ਦੇ ਤਟਾਂ ‘ਤੇ ਛੋਟੀ-ਛੋਟੀ ਲਹਿਰਾਂ ਵੇਖੀਆਂ ਗਈਆਂ। ਫਿਲੀਪੀਨ ਅਜੇ ਵੀ 30 ਸਤੰਬਰ ਨੂੰ ਆਏ 6.9 ਤੀਬਰਤਾ ਵਾਲੇ ਭੂਚਾਲ ਤੋਂ ਉਭਰ ਰਿਹਾ ਹੈ, ਜਿਸ 'ਚ ਘੱਟੋ-ਘੱਟ 74 ਲੋਕ ਮਾਰੇ ਗਏ ਸਨ ਅਤੇ ਬੋਗੋ ਸ਼ਹਿਰ (ਮੱਧ ਸੇਬੂ) 'ਚ ਹਜ਼ਾਰਾਂ ਲੋਕ ਬੇਘਰ ਹੋਏ ਸਨ।
ਫਿਲੀਪੀਨ, ਜੋ ਕਿ ਭੂਚਾਲ ਅਤੇ ਜਵਾਲਾਮੁਖੀ ਵਿਸਫੋਟਾਂ ਲਈ ਦੁਨੀਆ ਦੇ ਸਭ ਤੋਂ ਸੰਵੇਦਨਸ਼ੀਲ ਖੇਤਰਾਂ 'ਚ ਸ਼ਾਮਲ ਹੈ, ਹਰ ਸਾਲ ਲਗਭਗ 20 ਤੂਫਾਨਾਂ ਦਾ ਸਾਹਮਣਾ ਕਰਦਾ ਹੈ। ਸ਼ੁੱਕਰਵਾਰ ਨੂੰ ਪਾਪੂਆ ਨਿਊ ਗੀਨੀ ਦੇ ਤਟ ਨੇੜੇ ਵੀ 6.0 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਕਿਸੇ ਕਿਸਮ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8