ਪੂਰਬੀ ਅਫਗਾਨਿਸਤਾਨ ''ਚ ਆਇਆ ਭੂਚਾਲ, 31 ਜ਼ਖ਼ਮੀ
Tuesday, Jul 19, 2022 - 04:13 PM (IST)
ਇੰਟਰਨੈਸ਼ਨਲ ਡੈਸਕ- ਪੂਰਬੀ ਅਫਗਾਨਿਸਤਾਨ 'ਚ ਸੋਮਵਾਰ ਦੀ ਸ਼ਾਮ ਨੂੰ ਆਏ ਭੂਚਾਲ 'ਚ ਘੱਟੋ-ਘੱਟ 31 ਲੋਕ ਜ਼ਖ਼ਮੀ ਹੋ ਗਏ। ਤਾਲਿਬਾਨ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਭੂਚਾਲ ਉਸੇ ਖੇਤਰ 'ਚ ਆਇਆ, ਜਿੱਥੇ ਪਿਛਲੇ ਮਹੀਨੇ ਆਏ ਅਜਿਹੇ ਹੀ ਜ਼ਲਜ਼ਲੇ 'ਚ ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਤੇ ਵੱਡੇ ਪੱਧਰ 'ਤੇ ਤਬਾਹੀ ਮਚੀ ਸੀ। ਪਹਿਲਾਂ ਖ਼ਬਰ ਆਈ ਸੀ ਕਿ ਭੂਚਾਲ 'ਚ 10 ਲੋਕ ਜ਼ਖ਼ਮੀ ਹੋਏ ਹਨ। ਅਮਰੀਕੀ ਭੂਵਿਗਿਆਨਕ ਸਰਵੇਖਣ ਦੇ ਮੁਤਾਬਕ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ ਹੈ।
ਤਾਲਿਬਾਨ ਦੀ ਖ਼ਬਰਾਂ ਦੀ ਏਜੰਸੀ 'ਬਖ਼ਤਰ' ਦੇ ਨਿਰਦੇਸ਼ਕ ਅਬਦੁਲ ਵਾਹਿਦ ਰੇਆਨ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਪੂਰਬੀ ਪਕਾਤਿਕਾ ਸੂਬੇ ਦੇ ਦੋ ਜ਼ਿਲਿਆਂ- ਗਯਾਨ ਤੇ ਜਿਰੂਕ 'ਚ ਮਹਿਸੂਸ ਕੀਤੇ ਗਏ। ਗਯਾਨ 'ਚ ਜਿੱਥੇ 18 ਲੋਕ ਜ਼ਖ਼ਮੀ ਹੋਏ ਹਨ, ਜਦਕਿ ਜਿਰੂਕ 'ਚ 13 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਰੇਆਨ ਦੇ ਮੁਤਾਬਕ, ਭੂਚਾਲ ਨਾਲ ਗਯਾਨ ਤੇ ਜਿਰੂਕ ਦੀਆਂ ਕਈ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਦੀ ਸ਼ਾਮ ਦੇ ਬਾਅਦ ਤੋਂ ਖੇਤਰ 'ਚ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ।