ਮਹਾਮਾਰੀ ਦੇ ਚੱਲਦੇ ਜਣੇਪੇ ਦੌਰਾਨ ਮੌਤ ਦੇ ਵਧ ਰਹੇ ਮਾਮਲੇ!
Saturday, Jun 13, 2020 - 09:20 PM (IST)
ਜਿਨੇਵਾ: ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਜਿਵੇਂ-ਜਿਵੇਂ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦਾ ਕਹਿਰ ਵਧ ਰਿਹਾ ਹੈ, ਅਧਿਕਾਰੀ ਕੁਝ ਨਿਸ਼ਚਿਤ ਆਬਾਦੀ 'ਤੇ ਇਨਫੈਕਸ਼ਨ ਦੇ ਅਸਰ ਨੂੰ ਲੈ ਕੇ ਚਿੰਤਤ ਹਨ। ਇਨ੍ਹਾਂ ਵਿਚ ਉਹ ਮਹਿਲਾਵਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਜਣੇਪੇ ਦੌਰਾਨ ਜਾਨ ਜਾਣ ਦਾ ਜੋਖਿਮ ਵਧਿਆ ਹੈ। ਜਨਰਲ ਸਕੱਤਰ ਤੇਦਰੋਸ ਅਧਾਨੋਮ ਗੇਬ੍ਰੇਯਸਸ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਬ੍ਰੀਫਿੰਗ ਵਿਚ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਉਨ੍ਹਾਂ ਲੋਕਾਂ 'ਤੇ ਅਸਰ ਨੂੰ ਲੈ ਕੇ ਖਾਸਕਰਕੇ ਚਿੰਤਤ ਹੈ, ਜਿਨ੍ਹਾਂ ਨੂੰ ਸਿਹਤ ਸਬੰਧੀ ਸੇਵਾਵਾਂ ਤੱਕ ਪਹੁੰਚਣ ਵਿਚ ਸੰਘਰਸ਼ ਕਰਨਾ ਪੈਂਦਾ ਹੈ, ਜਿਵੇਂ ਔਰਤਾਂ, ਬੱਚੇ ਤੇ ਅਲੱੜ੍ਹ।
ਤੇਦਰੋਸ ਨੇ ਕਿਹਾ ਕਿ ਗਲੋਬਲ ਮਹਾਮਾਰੀ ਨੇ ਕਈ ਦੇਸ਼ਾਂ ਵਿਚ ਸਿਹਤ ਤੰਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਤੇ ਆਗਾਹ ਕੀਤਾ ਹੈ ਕਿ ਕਈ ਔਰਤਾਂ ਦੇ ਜਣੇਪੇ ਦੌਰਾਨ ਮਰਨ ਦਾ ਜੋਖਿਮ ਵਧ ਸਕਦਾ ਹੈ।
ਨਵਜਾਤ ਬੱਚਿਆਂ ਵਿਚ ਵਾਇਰਸ ਫੈਲਣ ਦੇ ਜੋਖਿਮ ਦੀ ਜਾਂਚ
ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸਿਹਤ ਏਜੰਸੀ ਨੇ ਹਾਲ ਹੀ ਵਿਚ ਮਾਵਾਂ ਤੋਂ ਉਨ੍ਹਾਂ ਦੇ ਨਵਜਾਤ ਬੱਚਿਆਂ ਵਿਚ ਕੋਰੋਨਾ ਵਾਇਰਸ ਫੈਲਣ ਦੇ ਜੋਖਿਮ ਦੀ ਜਾਂਚ ਕੀਤੀ ਤੇ ਪਤਾ ਲੱਗਿਆ ਕਿ ਮਾਂ ਦਾ ਦੁੱਧ ਵਾਇਰਸ ਦੇ ਪ੍ਰਸਾਰ ਨੂੰ ਦੂਰ ਕਰਦਾ ਹੈ। ਅਜਿਹਾਂ ਉਨ੍ਹਾਂ ਗਰਭਵਤੀ ਔਰਤਾਂ ਵਿਚ ਵੀ ਦੇਖਿਆ ਗਿਆ ਜੋ ਇਨਫੈਕਟਿਡ ਹਨ ਜਾਂ ਜਿਨ੍ਹਾਂ ਵਿਚ ਇਨਫੈਕਸ਼ਨ ਦਾ ਸ਼ੱਕ ਹੈ।
ਨੌਜਵਾਨਾਂ ਨੂੰ ਲੈ ਕੇ ਵੀ ਚਿੰਤਾ
ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੌਜਵਾਨ ਲੋਕਾਂ ਨੂੰ ਲੈ ਕੇ ਚਿੰਤਤ ਹੈ ਜੋ ਬੇਚੈਨੀ ਤੇ ਡਿਪ੍ਰੈਸ਼ਨ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ। ਸੰਗਠਨ ਨੇ ਧਿਆਨ ਦਿਵਾਇਆ ਕਿ ਕੁਝ ਦੇਸ਼ਾਂ ਵਿਚ ਇਕ ਤਿਹਾਈ ਤੋਂ ਵਧੇਰੇ ਅਲੱੜ੍ਹਾਂ ਨੂੰ ਸਕੂਲ ਵਿਚ ਖਾਸਕਰਕੇ ਮਾਨਸਿਕ ਸਿਹਤ ਸਬੰਧੀ ਮਦਦ ਦਿੱਤੀ ਜਾਂਦੀ ਹੈ। ਦੁਨੀਆ ਭਰ ਵਿਚ ਕੋਰੋਨਾ ਵਾਇਰਸ ਲਗਾਤਾਰ ਆਪਣਾ ਜਾਲ ਫੈਲਾ ਰਿਹਾ ਹੈ। ਪੂਰੇ ਵਿਸ਼ਵ ਵਿਚ ਹੁਣ ਤੱਕ ਇਨਫੈਕਟਿਡਾਂ ਦਾ ਅੰਕੜਾ 77 ਲੱਖ ਤੋਂ ਵਧੇਰੇ ਹੋ ਗਿਆ ਹੈ ਜਦਕਿ ਹੁਣ ਤੱਕ 4.28 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।