ਇਟਲੀ : ਸੀਰੀਅਲ ਕਿਲਰ ਨਰਸ ਨੂੰ ਮਿਲੀ ਅਜਿਹੀ ਸਜ਼ਾ ਕਿ ਹੁਣ ਨਹੀਂ ਕਰ ਸਕੇਗੀ ਘਿਨੌਣੇ ਅਪਰਾਧ
Sunday, Apr 21, 2019 - 02:22 AM (IST)

ਰੋਮ ਇਟਲੀ (ਕੈਂਥ)— ਡਾਕਟਰ ਜਿਸ ਮਰਜ਼ੀ ਦੇਸ਼ ਦਾ ਹੋਵੇ ਉਸ ਨੂੰ ਦੁੱਖੀਆਂ ਦੇ ਦੁੱਖ ਦੂਰ ਕਰਨ ਲਈ ਵਿਸੇਥਸ ਮਾਣ-ਸਨਮਾਨ ਦਿੱਤਾ ਜਾਂਦਾ ਹੈ।ਕਈ ਦੇਸ਼ਾਂ ਵਿੱਚ ਤਾਂ ਚੰਗੇ ਡਾਕਟਰਾਂ ਨੂੰ ਰੱਬ ਦਾ ਦਰਜ਼ਾ ਵੀ ਦਿੱਤਾ ਜਾਂਦਾ ਹੈ ਪਰ ਅਫ਼ਸੋਸ ਇਸ ਖੇਤਰ ਵਿੱਚ ਵੀ ਕਈ ਡਾਕਟਰਾਂ ਅਤੇ ਨਰਸਾਂ ਵੱਲੋਂ ਆਪਣੇ ਪੇਸ਼ੇ ਨਾਲ ਇਮਾਨਦਾਰੀ ਨਾ ਵਰਤਣ ਕਾਰਨ ਲੋਕਾਂ ਦਾ ਵਿਸ਼ਵਾਸ ਇਹਨਾਂ ਉਪਰੋਂ ਉੱਠਦਾ ਜਾ ਰਿਹਾ ਹੈ।ਇਟਲੀ ਵਿੱਚ ਵੀ ਇੱਕ ਅਜਿਹਾ ਹੀ ਕੇਸ ਦੇਖਣ ਨੂੰ ਮਿਲਿਆ ਜਿਸ ਵਿੱਚ ਇੱਕ ਇਤਾਲੀਅਨ ਨਰਸ ਉਪੱਰ 4 ਮਰੀਜ਼ਾਂ ਨੂੰ ਮਾਰਨ ਦਾ ਦੋਸ਼ ਹੈ ਜਿਸ ਲਈ ਉਸ ਨੂੰ ਅਜਿਹੀ ਸਜ਼ਾ ਮਿਲੀ ਹੈ ਕਿ ਸ਼ਾਇਦ ਹੁਣ ਉਹ ਦੁਬਾਰਾ ਅਜਿਹਾ ਘਿਨੌਣਾ ਅਪਰਾਧ ਨਾ ਕਰ ਸਕੇ।ਜਾਣਕਾਰੀ ਅਨੁਸਾਰ 56 ਸਾਲਾਂ ਦੀ ਬੋਨੀਨੋ ਨਾਮ ਦੀ ਇੱਕ ਨਰਸ ਨੂੰ ਹਾਲ ਹੀ ਵਿੱਚ ਰੋਮ ਦੀ ਇੱਕ ਅਦਾਲਤ ਵੱਲੋਂ 4 ਮਰੀਜ਼ਾਂ ਨੂੰ ਮਾਰਨ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ ।ਪੁਲਸ ਨੂੰ ਸ਼ੱਕ ਹੈ ਕਿ ਇਹ ਨਰਸ ਇੱਕ ਸੀਰੀਅਲ ਕਿਲਰ ਹੈ ਜਿਸ ਨੇ 10 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਜਦੋਂ ਸੰਨ 2014 ਤੋਂ ਸਤੰਬਰ 2015 ਤੱਕ ਬੋਨੀਨੋ ਰੋਮ ਦੇ ਇਲਾਕੇ ਤੁਸਕਾਨੀ ਦੇ ਇੱਕ ਹਸਪਤਾਲ ਵਿੱਚ ਇੱਕ ਨਰਸ ਵਜੋਂ ਸੇਵਾਵਾਂ ਦੇ ਰਹੀ ਸੀ ਤਾਂ ਇਸ ਦੌਰਾਨ ਉਸ ਨੇ 4 ਗੰਭੀਰ ਬਿਮਾਰੀ ਵਾਲੇ ਰੋਗੀਆਂ ਨੂੰ ਖੂਨ ਪਤਲਾ ਕਰਨ ਵਾਲੀ ਦਵਾਈ ਦੀ ਜ਼ਰੂਰਤ ਤੋਂ ਜ਼ਿਆਦਾ ਖੁਰਾਕ ਦੇ ਦਿੱਤੀ ਜਿਸ ਕਾਰਨ ਉਹਨਾਂ ਰੋਗੀਆਂ ਦੀ ਮੌਤ ਹੋ ਗਈ।ਇਸ ਅਪਰਾਧ ਲਈ ਬੋਨੀਨੋ ਨੂੰ ਸੰਨ 2016 ਵਿੱਚ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਹੁਣ ਸਾਰੇ ਕੇਸ ਦੀ ਜਾਂਚ ਦੇ ਬਾਅਦ ਉਸ ਨੂੰ ਦੋਸ਼ੀ ਪਾਇਆ ਗਿਆ।ਬੋਨੀਨੋ ਦੇ ਵਕੀਲ ਨੇ ਅਦਾਲਤ ਦੇ ਇਸ ਫੈਸਲੇ ਨੂੰ ਨਕਾਰਦਿਆਂ ਅਪੀਲ ਕਰਨ ਦੀ ਗੱਲ ਕਹੀ ਹੈ ਪਰ ਬੋਨੀਨੋ ਦੇ ਇਹਨਾਂ ਅਪਰਾਧਾਂ ਨੂੰ ਅੰਜਾਮ ਦੇਣ ਦੇ ਕਾਰਨ ਹਾਲੇ ਤੱਕ ਰਾਜ ਹਨ ।