OIC ਸੰਮੇਲਨ ''ਚ ਸੁਸ਼ਮਾ ਨੇ ਕਿਹਾ, ਅੱਤਵਾਦ ਨੂੰ ਫੰਡਿੰਗ ਹੋਣੀ ਚਾਹੀਦੀ ਬੰਦ

03/01/2019 6:37:21 PM

ਦੁਬਈ (ਬਿਊਰੋ)— ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਬੂ ਧਾਬੀ ਵਿਚ ਆਯੋਜਿਤ ਓ.ਆਈ.ਸੀ. ਦੀ ਬੈਠਕ ਨੂੰ ਸੰਬੋਧਿਤ ਕੀਤਾ। ਸੁਸ਼ਮਾ ਨੂੰ ਯੂ.ਏ.ਈ. ਦੇ ਵਿਦੇਸ਼ ਮੰਤਰੀ ਐੱਚ.ਐੱਚ. ਸ਼ੇਖ ਅਬਦੁੱਲਾ ਬਿਨ ਜਾਏਦ ਅਲ ਨਾਹੀਆਨ ਨੇ ਵਿਸ਼ੇਸ਼ ਮਹਿਮਾਨ (Guest of Honour) ਦੇ ਤੌਰ 'ਤੇ ਸੱਦਾ ਦਿੱਤਾ ਹੈ। ਸੁਸ਼ਮਾ ਨੇ ਇੱਥੇ 57 ਮੈਂਬਰੀ ਵਿਦੇਸ਼ ਮੰਤਰੀਆਂ ਦੀ ਪਰੀਸ਼ਦ ਦੇ 46ਵੇਂ ਸੈਸ਼ਨ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕੀਤਾ। 

ਸੁਸ਼ਮਾ ਨੇ ਬੈਠਕ ਨੂੰ ਸੰਬੋਧਿਤ ਕਰਦਿਆਂ ਅੱਤਵਾਦ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਦੁਨੀਆ ਲਈ ਸਭ ਤੋਂ ਵੱਡਾ ਖਤਰਾ ਹੈ। ਅੱਤਵਾਦ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਅਤੇ ਖੇਤਰਾਂ ਨੂੰ ਅਸਥਿਰ ਕਰ ਰਿਹਾ ਹੈ। ਇਹ ਦੁਨੀਆ ਨੂੰ ਖਤਰੇ ਵਿਚ ਪਾ ਰਿਹਾ ਹੈ। ਇਸ ਦੋ ਦਿਨੀਂ ਬੈਠਕ ਦੇ ਉਦਘਾਟਨ ਸੈਸ਼ਨ ਵਿਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਈ ਸੁਸ਼ਮਾ ਨੇ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ ਕਿਸੇ ਵੀ ਧਰਮ ਵਿਰੁੱਧ ਨਹੀਂ ਹੈ। ਉਨ੍ਹਾਂ ਨੇ ਅੱਗੇ ਕਿਹਾ,''ਜਿਵੇਂ ਕਿ ਇਸਲਾਮ ਦਾ ਮਤਲਬ ਅਮਨ ਹੈ ਅਤੇ ਅੱਲਾਹ ਦੇ 99 ਨਾਵਾਂ ਵਿਚੋਂ ਕਿਸੇ ਦਾ ਮਤਲਬ ਹਿੰਸਾ ਨਹੀਂ ਹੈ। ਇਸੇ ਤਰ੍ਹਾਂ ਦੁਨੀਆ ਦੇ ਸਾਰੇ ਧਰਮ ਸ਼ਾਂਤੀ, ਦਇਆ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਅੱਲਾਹ ਦਾ ਮਤਲਬ ਸ਼ਾਂਤੀ ਹੈ।'' 

 

ਪਾਕਿਸਤਾਨ ਦਾ ਨਾਮ ਲਏ ਬਿਨਾਂ ਸੁਸ਼ਮਾ ਨੇ ਕਿਹਾ ਕਿ ਅੱਤਵਾਦ ਨੂੰ ਸ਼ਰਣ ਦੇਣ ਵਾਲਿਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਅੱਤਵਾਦੀ ਸੰਗਠਨਾਂ ਨੂੰ ਕੀਤੀ ਜਾ ਰਹੀ ਫੰਡਿੰਗ ਰੁੱਕਣੀ ਚਾਹੀਦੀ ਹੈ। ਇਸਲਾਮ ਸ਼ਾਂਤੀ ਸਿਖਾਉਂਦਾ ਹੈ। ਸੁਸ਼ਮਾ ਨੇ ਕਿਹਾ ਕਿ ਪੁਰਾਣੀ ਸੱਭਿਅਤਾ ਅਤੇ ਮਹਾਨ ਧਰਮਾਂ ਨਾਲ ਜੁੜੇ ਦੇਸ਼ਾਂ ਨਾਲ ਜੁੜ ਕੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਮੈਂ ਇੱਥੇ ਇਕ ਅਜਿਹੇ ਦੇਸ਼ ਦੀ ਪ੍ਰਤੀਨਿਧੀ ਦੇ ਰੂਪ ਵਿਚ ਖੜ੍ਹੀ ਹਾਂ ਜੋ ਸ਼ਾਂਤੀ, ਗਿਆਨ, ਵਿਸ਼ਵਾਸ ਅਤੇ ਪਰੰਪਰਾਵਾਂ ਦਾ ਸਰੋਤ ਰਿਹਾ ਹੈ। ਕਈ ਧਰਮਾਂ ਦਾ ਘਰ ਅਤੇ ਦੁਨੀਆ ਦੀ ਇਕ ਵੱਡੀ ਅਰਥਵਿਵਸਥਾ ਹੈ। 

 

ਸੁਸ਼ਮਾ ਨੇ ਕਿਹਾ ਕਿ ਭਾਰਤ ਵਿਚ ਹਰੇਕ ਧਰਮ ਦੇ ਲੋਕ ਰਹਿੰਦੇ ਹਨ। ਭਾਰਤ ਵਿਚ ਹਰ ਧਰਮ ਅਤੇ ਸੱਭਿਆਚਾਰ ਦਾ ਸਨਮਾਨ ਹੁੰਦਾ ਹੈ। ਇਹ ਸੱਦਾ ਭਾਰਤ ਲਈ ਸਨਮਾਨ ਵਾਲੀ ਗੱਲ ਹੈ। ਸਾਲ 2019 ਖਾਸ ਰਿਹਾ ਹੈ। ਇਸ ਸਾਲ ਮਹਾਤਮਾ ਗਾਂਧੀ ਜੀ ਦੀ 150ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਮੈਂ ਮਹਾਤਮਾ ਗਾਂਧੀ ਦੀ ਮਾਤਭੂਮੀ ਤੋਂ ਹਾਂ। ਜਿੱਥੇ ਹਰ ਪ੍ਰਾਰਥਨਾ ਸ਼ਾਂਤੀ ਲਈ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਬਹੁਲਵਾਦ ਨੂੰ ਸਵੀਕਾਰ ਕੀਤਾ ਹੈ। ਇਹ ਸਭ ਤੋਂ ਪੁਰਾਣੇ ਸੰਸਕ੍ਰਿਤ ਧਾਰਮਿਕ ਗ੍ਰੰਥ ਰਿਗਵੇਦ ਵਿਚ ਵੀ ਸ਼ਾਮਲ ਹੈ। ਉਨ੍ਹਾਂ ਨੇ ਸੰਸਕ੍ਰਿਤ ਦਾ ਇਕ ਸ਼ਲੋਕ ਬੋਲਿਆ। ਇਸ ਮਗਰੋਂ ਕਿਹਾ ਕਿ ਭਾਰਤ ਅਤੇ ਖਾੜੀ ਦੇਸ਼ਾਂ ਇਰਾਕ, ਫਿਲਸਤੀਨ ਨਾਲ ਚੰਗੇ ਸਬੰਧ ਹਨ।

ਉੱਧਰ ਓ.ਆਈ.ਸੀ. ਮਤਲਬ ਇਸਲਾਮਿਕ ਸਹਿਯੋਗ ਸੰਗਠਨ ਵੱਲੋਂ ਭਾਰਤ ਨੂੰ ਸੱਦਾ ਦਿੱਤੇ ਜਾਣ ਨਾਲ ਪਾਕਿਸਤਾਨ ਕਾਫੀ ਨਾਰਾਜ਼ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਦੁਬਈ ਵਿਚ ਹੋਣ ਵਾਲੀ ਓ.ਆਈ.ਸੀ. ਬੈਠਕ ਵਿਚ ਸ਼ਾਮਲ ਨਹੀਂ ਹੋਣਗੇ।


Vandana

Content Editor

Related News