ਅੱਤਵਾਦ ਨਾਲ ਨਜਿੱਠਣ ਲਈ ਮੁਕੱਦਮੇ ਦੀ ਵਿਵਸਥਾ ਨੂੰ ਕਰੋ ਮਜ਼ਬੂਤ : ਜ਼ਰਦਾਰੀ
Friday, Jun 21, 2024 - 06:11 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਅੱਤਵਾਦ ਅਤੇ ਕੱਟੜਵਾਦ ਤੋਂ ਪੈਦਾ ਹੋਏ ਖ਼ਤਰੇ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰਨ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਮਰੱਥਾ ਵਧਾਉਣ ਅਤੇ ਉਨ੍ਹਾਂ ਦੇ ਮੁਕੱਦਮੇ ਦੀ ਵਿਧੀ ਨੂੰ ਸੁਧਾਰਨ ਦਾ ਸੱਦਾ ਦਿੱਤਾ ਹੈ। ਅਖ਼ਬਾਰ 'ਡਾਨ' 'ਚ ਛਪੀ ਖ਼ਬਰ ਮੁਤਾਬਕ ਜ਼ਰਦਾਰੀ ਨੇ ਬਲੋਚਿਸਤਾਨ ਦੇ ਅਸ਼ਾਂਤ ਸੂਬੇ 'ਚ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਆਯੋਜਿਤ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਦਿੱਤੇ ਗਏ ਅਧਿਕਾਰਾਂ 'ਚ ਕਮੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਈਰਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਬਲੋਚਿਸਤਾਨ ਲੰਬੇ ਸਮੇਂ ਤੋਂ ਵਿਦਰੋਹ ਦੀ ਲਪੇਟ 'ਚ ਹੈ ਅਤੇ ਇੱਥੇ ਫੌਜੀ ਕਾਫ਼ਲਿਆਂ ਅਤੇ ਸੁਰੱਖਿਆ ਕਰਮਚਾਰੀਆਂ 'ਤੇ ਅਕਸਰ ਹਮਲੇ ਹੁੰਦੇ ਰਹਿੰਦੇ ਹਨ।
ਬੰਦਰਗਾਹ ਸ਼ਹਿਰ ਗਵਾਦਰ 'ਚ ਹੋਈ ਬੈਠਕ 'ਚ ਜ਼ਰਦਾਰੀ ਨੇ ਸੂਬਾਈ ਸਰਕਾਰ ਦੇ ਯਤਨਾਂ ਦੇ ਨਾਲ-ਨਾਲ ਅੱਤਵਾਦ ਦਾ ਮੁਕਾਬਲਾ ਕਰਨ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀਆਂ ਕੁਰਬਾਨੀਆਂ ਦੀ ਸ਼ਲਾਘਾ ਕੀਤੀ ਪਰ ਉਨ੍ਹਾਂ ਨੇ ਸੁਧਾਰਾਂ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਰਿਪੋਰਟ 'ਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ,"ਮੁਕੱਦਮਾ ਪ੍ਰਣਾਲੀ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਜੋ ਅੱਤਵਾਦੀ ਨਿਆਂ ਦੀ ਮਾਰ ਤੋਂ ਬਚ ਨਾ ਸਕਣ। ਸੂਬੇ ਵਿਚ ਯੋਗ ਅਤੇ ਬਹਾਦਰ ਪੁਲਸ ਅਧਿਕਾਰੀਆਂ ਨੂੰ ਤਾਇਨਾਤ ਕਰਨ ਦੀ ਲੋੜ ਹੈ, ਕਿਉਂਕਿ ਇਸ ਨਾਲ ਕਾਨੂੰਨ ਸੁਧਾਰ ਹੋਵੇਗਾ ਅਤੇ ਸੂਬੇ 'ਚ ਵਿਵਸਥਾ ਦੀ ਸਥਿਤੀ 'ਚ ਸੁਧਾਰ ਹੋਵੇਗਾ।" ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਦੀ ਇਕ ਹੋਰ ਖ਼ਬਰ ਮੁਤਾਬਕ ਜ਼ਰਦਾਰੀ ਨੇ ਸਿਆਸੀ ਗੱਲਬਾਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਬਲੋਚਿਸਤਾਨ 'ਚ ਖੁਸ਼ਹਾਲੀ, ਵਿਕਾਸ ਅਤੇ ਸ਼ਾਂਤੀ ਲਿਆਉਣ ਦਾ ਇਹੀ ਇਕ ਰਸਤਾ ਹੈ। ਰਾਸ਼ਟਰਪਤੀ ਨੂੰ ਦੱਸਿਆ ਗਿਆ ਕਿ ਸੂਬਾਈ ਸਰਕਾਰ ਚੀਨੀ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਨ ਲਈ ਕਦਮ ਚੁੱਕ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e