ਦੁਬਈ 'ਚ ਕੀਤਾ ਗਿਆ ਭਾਰਤੀ ਕਾਮੇਡੀਅਨ ਮੰਜੂਨਾਥ ਦਾ ਅੰਤਿਮ ਸੰਸਕਾਰ

07/25/2019 1:40:50 PM

ਦੁਬਈ (ਭਾਸ਼ਾ)— ਦੁਬਈ ਵਿਚ ਮੰਚ 'ਤੇ ਪ੍ਰਦਰਸ਼ਨ ਕਰਦਿਆਂ ਭਾਰਤੀ ਕਾਮੇਡੀਅਨ ਮੰਜੂਨਾਥ ਨਾਇਡੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਬੁੱਧਵਾਰ ਨੂੰ ਮੰਜੂਨਾਥ ਦੇ ਦੋਸਤਾਂ ਅਤੇ ਸਾਥੀਆਂ ਨੇ ਉਨ੍ਹਾਂ ਨੂੰ ਭਿੱਜੀਆਂ ਅੱਖਾਂ ਨਾਲ ਵਿਦਾਈ ਦਿੱਤੀ। ਉਨ੍ਹਾਂ ਨੇ ਮੰਜੂਨਾਥ ਨੂੰ ਅਜਿਹਾ ਸ਼ਖਸ ਦੱਸਿਆ ਜੋ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਮੀਡੀਆ ਖਬਰਾਂ ਮੁਤਾਬਕ 36 ਸਾਲਾ ਕਾਮੇਡੀਅਨ ਦਰਸ਼ਕਾਂ ਦੇ ਸਾਹਮਣੇ ਮੰਚ 'ਤੇ ਪ੍ਰਦਰਸ਼ਨ ਕਰਦੇ ਹੋਇਆ ਦਿਲ ਦਾ ਦੌਰਾ ਪੈਣ ਕਾਰਨ ਹੇਠਾਂ ਡਿੱਗ ਪਿਆ ਸੀ ਅਤੇ ਉਸ ਦੀ ਮੌਤ ਹੋ ਗਈ। ਜਦੋਂ ਉਹ ਮੰਚ ਤੋਂ ਡਿੱਗੇ ਤਾਂ ਦਰਸ਼ਕਾਂ ਨੂੰ ਲੱਗਾ ਕਿ ਇਹ ਵੀ ਉਨ੍ਹਾਂ ਦੀ ਕਲਾਕਾਰੀ ਦਾ ਹਿੱਸਾ ਹੈ। 

ਚੇਨਈ ਨਾਲ ਸਬੰਧ ਰੱਖਣ ਵਾਲੇ ਨਾਇਡੂ ਦਾ ਦੱਖਣੀ ਭਾਰਤੀ ਰੀਤੀ-ਰਿਵਾਜਾਂ ਮੁਤਾਬਕ ਜੇਬੇਲ ਅਲੀ ਸ਼ਮਸ਼ਾਨਘਾਟ ਵਿਚ ਬੁੱਧਵਾਰ ਨੂੰ ਅੰਤਿਮ ਸੰਸਕਾਰ ਕੀਤਾ ਗਿਆ। ਕਾਮੇਡੀਅਨ ਨੂੰ ਅੰਤਿਮ ਵਿਦਾਈ ਦੇਣ ਲਈ ਕਰੀਬ 80 ਲੋਕ ਇਕੱਠੇ ਹੋਏ। ਇਕ ਸਮਾਚਾਰ ਏਜੰਸੀ ਮੁਤਾਬਕ ਨਾਇਡੂ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦਾ ਭਰਾ ਹਾਂਗਕਾਂਗ ਵਿਚ ਰਹਿੰਦਾ ਹੈ ਅਤੇ ਉਹ ਵੀਜ਼ਾ ਦੀ ਸਮੱਸਿਆ ਹੋਣ ਕਾਰਨ ਅੰਤਮ ਸਸਕਾਰ ਵਿਚ ਸ਼ਾਮਲ ਨਹੀਂ ਹੋ ਸਕਿਆ। ਉਨ੍ਹਾਂ ਦੇ ਪਰਿਵਾਰ ਵਿਚੋਂ ਸਿਰਫ ਭਾਬੀ ਹੀ ਸ਼ਾਮਲ ਹੋਈ। 

ਅੰਤਿਮ ਸੰਸਕਾਰ ਵਿਚ ਮੌਜੂਦ ਨਾਇਡੂ ਦੇ ਇਕ ਕਰੀਬੀ ਦੋਸਤ ਮਿਕਦਾਦ ਦੋਹਦਵਾਲਾ ਨੇ ਕਿਹਾ,''ਮੰਜੂ ਸਾਡੇ ਪਰਿਵਾਰ ਦਾ ਮੈਂਬਰ ਸੀ। ਇਹ ਸਾਡੇ ਸਾਰਿਆਂ ਲਈ ਮਹੱਤਵਪੂਰਣ ਹੈ ਕਿ ਅਸੀ ਇਕਜੁੱਟ ਹੋਈਏ ਅਤੇ ਉਨ੍ਹਾਂ ਨੂੰ ਆਖਰੀ ਵਿਦਾਈ ਦਈਏ।''


Vandana

Content Editor

Related News