ਸਖਤ ਡਰਾਈਵਿੰਗ ਨਿਯਮਾਂ ਕਾਰਨ ਸ਼ਰਾਬ ਪੀ ਕੇ ਗੱਡੀਆਂ ''ਚ ਹੀ ਸੌਣ ਲੱਗੇ ਡਰਾਈਵਰ
Thursday, Mar 07, 2019 - 01:02 AM (IST)

ਓਨਟਾਰੀਓ—ਕੈਨੇਡਾ 'ਚ ਡਰਾਈਵਿੰਗ ਨੂੰ ਲੈ ਕੇ 18 ਦਸੰਬਰ ਤੋਂ ਨਿਯਮ ਕਾਫੀ ਸਖਤ ਕਰ ਦਿੱਤੇ ਗਏ ਹਨ। ਅਜਿਹੇ 'ਚ ਖਾਸ ਕਰਕੇ ਓਨਟਾਰੀਓ ਪੁਲਸ ਦੇ ਵੱਖ-ਵੱਖ ਮਹਿਕਮਿਆਂ ਵੱਲੋਂ ਅਜਿਹੇ ਡਰਾਈਵਰਾਂ ਦਾ ਨਾਂ ਸ਼ਰੇਆਮ ਜਨਤਕ ਕੀਤਾ ਜਾ ਰਿਹਾ ਹੈ ਜੋ ਕਿ ਇੰਪੇਅਰ ਡਰਾਈਵਿੰਗ ਕਰਦੇ ਪਾਏ ਜਾਂਦੇ ਹਨ। ਇਸੇ ਦੇ ਚਲਦਿਆਂ ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੇ ਇਸ ਦਾ ਤੋੜ ਇਹ ਕੱਢਿਆ ਹੈ ਕਿ ਉਹ ਗੱਡੀ ਚਲਾਉਣ ਦੀ ਜਗ੍ਹਾ ਗੱਡੀ 'ਚ ਹੀ ਸੋ ਜਾਂਦੇ ਹਨ। ਤਾਜ਼ਾ ਮਾਮਲੇ 'ਚ ਯਾਰਕ ਰਿਜਨਲ ਪੁਲਸ ਨੂੰ ਉਸ ਵੇਲੇ ਸੂਚਿਤ ਕੀਤਾ ਗਿਆ ਜਦ ਸਿਟੀ ਆਫ ਮਾਰਖਮ ਵਿਖੇ ਬੀਤੀ ਰਾਤ ਇਕ ਵਿਅਕਤੀ 20ਮੀਟਰ ਤੱਕ ਗੱਡੀ ਖੇਤਾਂ 'ਚ ਘਸੀਟਦਾ ਲੈ ਗਿਆ। ਜਦ ਤੱਕ ਅਫਸਰ ਉੱਥੇ ਪਹੁੰਚੇ, ਕਾਰ ਖੇਤਾਂ 'ਚ ਖੜੀ ਸੀ, ਉਸ ਦਾ ਇੰਜਣ ਵਚੱਲ ਰਿਹਾ ਸੀ ਅਤੇ ਡਰਾਈਵਰ ਇਤਮਿਨਾਨ ਦੇ ਨਾਲ ਕਾਰ 'ਚ ਸੋ ਰਿਹਾ ਸੀ। ਇਸ ਤੋਂ ਬਾਅਦ ਅਫਸਰਾਂ ਨੇ ਡਰਾਈਵਰ ਨੂੰ ਉਠਾਇਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਮਿਆਦ ਨਾਲੋਂ ਤਿੰਨ ਗੁਣਾ ਜ਼ਿਆਦਾ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ। ਇਸ ਡਰਾਈਵਰ ਤੇ ਹੁਣ ਇੰਪੇਅਰ ਡਰਾਈਵਿੰਗ ਸਣੇ ਕਈ ਹੋਰ ਦੋਸ਼ ਵੀ ਆਇਦ ਕੀਤੇ ਗਏ ਹਨ। ਯੌਰਕ ਰਿਜਨਲ ਪੁਲਸ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। ਇਹ ਇਸ ਹਫਤੇ ਯੌਰਕ ਰਿਜਨਲ ਪੁਲਸ ਵੱਲੋਂ ਪਾਏ ਗਏ 21 ਇੰਪੇਅਰਡ ਡਰਾਈਵਿੰਗ ਦੇ ਮਾਮਲਿਆਂ 'ਚੋਂ ਇਕ ਹੈ। ਹਾਲਾਂਕਿ ਇਸ ਤਰ੍ਹਾਂ ਦੇ ਮਾਮਲੇ ਸਿਰਫ ਇਸ ਮਹੀਨੇ ਹੀ ਦੇਖਣ ਨੂੰ ਨਹੀਂ ਮਿਲੇ। ਇਸ ਤੋਂ ਪਹਿਲਾਂ ਟਿਮ ਹੋਰਟਨਸ ਦੇ ਡਰਾਈਵ ਥਰੂ 'ਤੇ ਇਕ ਵਿਅਕਤੀ ਆਪਣੀ ਕਾਰ 'ਚ ਹੀ ਸੋ ਗਿਆ ਸੀ ਅਤੇ ਪੁਲਸ ਨੂੰ ਉਸ ਨੂੰ ਸ਼ੀਸ਼ਾ ਤੋੜ ਕੇ ਬਾਹਰ ਕੱਢਣਾ ਪਿਆ ਸੀ।