ਪਾਕਿ ਅਧਿਕਾਰੀ ਨੇ ਕਬੂਲਿਆ, ਭਾਰਤ ਦੇ ਪੰਜਾਬ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕਰ ਰਹੇ 'ਡਰੋਨਾਂ' ਦੀ ਵਰਤੋਂ
Friday, Jul 28, 2023 - 11:55 AM (IST)
ਇਸਲਾਮਾਬਾਦ (ਏ.ਐੱਨ.ਆਈ.): ਭਾਰਤ ਦੇ ਪੰਜਾਬ ਸੂਬੇ ਵਿੱਚ ਨੌਜਵਾਨਾਂ ਵਿੱਚ ਨਸ਼ਿਆਂ ਦੀ ਵੱਧ ਰਹੀ ਆਦਤ ਲਈ ਪਾਕਿਸਤਾਨ ਨੂੰ ਹਮੇਸ਼ਾ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ। ਪਰ ਪਾਕਿਸਤਾਨ ਸਰਕਾਰ ਨੇ ਹਰ ਵਾਰ ਇਸ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ। ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਟੀਵੀ 'ਤੇ ਕਬੂਲ ਕੀਤਾ ਹੈ ਕਿ ਡਰੋਨਾਂ ਦੀ ਮਦਦ ਨਾਲ ਸਰਹੱਦ ਪਾਰ ਤੋਂ ਭਾਰਤ ਦੇ ਪੰਜਾਬ ਸੂਬੇ ਨੂੰ ਨਸ਼ੇ ਦੀ ਸਪਲਾਈ ਕੀਤੀ ਜਾਂਦੀ ਹੈ। ਇਸ ਅਧਿਕਾਰੀ ਮੁਤਾਬਕ ਪਾਕਿਸਤਾਨੀ ਤਸਕਰ ਸਰਹੱਦ ਪਾਰ ਤੋਂ ਭਾਰਤ ਨੂੰ ਨਸ਼ੀਲੇ ਪਦਾਰਥ ਭੇਜਣ ਲਈ ਡਰੋਨ ਦੀ ਵਰਤੋਂ ਕਰ ਰਹੇ ਹਨ।
ਉੱਚ ਤਕਨੀਕੀ ਉਪਕਰਣਾਂ ਦੀ ਵਰਤੋਂ
ਅਧਿਕਾਰੀ ਦਾ ਇਕਬਾਲੀਆ ਬਿਆਨ ਇਹ ਦਰਸਾਉਣ ਲਈ ਕਾਫੀ ਹੈ ਕਿ ਕਿਸ ਤਰ੍ਹਾਂ ਪਾਕਿਸਤਾਨੀ ਤਸਕਰ ਭਾਰਤ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਹਾਈ-ਟੈਕ ਉਪਕਰਣਾਂ ਦੀ ਵਰਤੋਂ ਕਰ ਰਹੇ ਹਨ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਵਿਸ਼ੇਸ਼ ਰੱਖਿਆ ਸਹਾਇਕ ਮਲਿਕ ਮੁਹੰਮਦ ਅਹਿਮਦ ਖਾਨ ਨੇ ਭਾਰਤ ਦੇ ਪੰਜਾਬ ਸੂਬੇ ਦੀ ਸਰਹੱਦ ਨਾਲ ਲੱਗਦੇ ਕਸੂਰ ਸ਼ਹਿਰ ਵਿੱਚ ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨੂੰ ਇੱਕ ਇੰਟਰਵਿਊ ਦਿੱਤੀ। ਇਸ ਇੰਟਰਵਿਊ 'ਚ ਉਸ ਨੇ ਮੰਨਿਆ ਕਿ ਭਾਰਤ 'ਚ ਡਰੋਨਾਂ ਰਾਹੀਂ ਨਸ਼ੇ ਦੀ ਸਪਲਾਈ ਹੋ ਰਹੀ ਹੈ। ਖਾਨ ਕਸੂਰ ਤੋਂ ਸੂਬਾਈ ਅਸੈਂਬਲੀ (ਐਮਪੀਏ) ਦੇ ਮੈਂਬਰ ਹਨ। ਹਾਮਿਦ ਮੀਰ ਨੇ 17 ਜੁਲਾਈ ਨੂੰ ਇੱਕ ਵੀਡੀਓ ਟਵੀਟ ਕੀਤਾ ਸੀ। ਇਸ ਵੀਡੀਓ 'ਚ ਉਨ੍ਹਾਂ ਨੇ ਖਾਨ ਨੂੰ ਕਸੂਰ 'ਚ ਸਰਹੱਦ ਪਾਰ ਤੋਂ ਹੋ ਰਹੀ ਡਰੱਗ ਤਸਕਰੀ 'ਤੇ ਸਵਾਲ ਪੁੱਛਿਆ। ਖਾਨ ਇਸ ਦਾ ਹਾਂ-ਪੱਖੀ ਜਵਾਬ ਦਿੰਦੇ ਹਨ।
ਖਾਨ ਨੇ ਕਹੀਆਂ ਇਹ ਗੱਲਾਂ
ਖਾਨ ਨੇ ਕਿਹਾ ਕਿ 'ਹਾਂ', ਅਤੇ ਸੱਚਾਈ ਕਾਫੀ ਡਰਾਉਣੀ ਹੈ। ਹਾਲ ਹੀ ਵਿੱਚ ਦੋ ਘਟਨਾਵਾਂ ਵਾਪਰੀਆਂ ਹਨ, ਜਿੱਥੇ ਹਰ ਡਰੋਨ ਵਿੱਚ 10 ਕਿਲੋ ਹੈਰੋਇਨ ਬੰਨ੍ਹ ਕੇ ਸੁੱਟ ਦਿੱਤੀ ਗਈ ਸੀ। ਏਜੰਸੀਆਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਮੀਰ ਨੇ ਜਿਸ ਕੈਪਸ਼ਨ ਨਾਲ ਇਸ ਵੀਡੀਓ ਨੂੰ ਟਵੀਟ ਕੀਤਾ ਹੈ। ਮੀਰ ਨੇ ਲਿਖਿਆ ਕਿ 'ਪੀ.ਐੱਮ. ਦੇ ਸਲਾਹਕਾਰ ਮਲਿਕ ਮੁਹੰਮਦ ਅਹਿਮਦ ਖਾਨ ਦਾ ਵੱਡਾ ਖੁਲਾਸਾ। ਪਾਕਿਸਤਾਨ-ਭਾਰਤ ਸਰਹੱਦ ਨੇੜੇ ਕਸੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਹੈਰੋਇਨ ਪਹੁੰਚਾਉਣ ਲਈ ਤਸਕਰ ਡਰੋਨ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਨਹੀਂ ਤਾਂ ਪੀੜਤ ਤਸਕਰਾਂ ਨਾਲ ਰਲ ਜਾਣਗੇ।
ਪੜ੍ਹੋ ਇਹ ਅਹਿਮ ਖ਼ਬਰ-ਅਫਰੀਕੀ ਦੇਸ਼ ਨਾਈਜਰ 'ਚ ਤਖ਼ਤਾਪਲਟ! ਫੌਜ ਦਾ ਦਾਅਵਾ-ਰਾਸ਼ਟਰਪਤੀ ਨੂੰ ਸੱਤਾ ਤੋਂ ਕੀਤਾ ਬਾਹਰ
ਖਾਨ ਦਾ ਇਕਬਾਲੀਆ ਬਿਆਨ ਮਹੱਤਵਪੂਰਨ
ਕਸੂਰ ਭਾਰਤ ਦੇ ਪੰਜਾਬ ਸੂਬੇ ਵਿੱਚ ਖੇਮਕਰਨ ਅਤੇ ਫਿਰੋਜ਼ਪੁਰ ਦੇ ਬਿਲਕੁਲ ਉਲਟ ਹੈ। ਪੰਜਾਬ ਪੁਲਸ ਵੱਲੋਂ ਜੁਲਾਈ ਮਹੀਨੇ ਦੀ ਸ਼ੁਰੂਆਤ ਵਿੱਚ ਦੱਸਿਆ ਗਿਆ ਸੀ ਕਿ ਜੁਲਾਈ 2022 ਤੋਂ 2023 ਤੱਕ ਇਕੱਲੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਐਨਡੀਪੀਐਸ ਐਕਟ ਤਹਿਤ 795 ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਨਸ਼ੀਲੇ ਪਦਾਰਥ ਪੰਜਾਬ ਦੇ ਉਨ੍ਹਾਂ ਜ਼ਿਲ੍ਹਿਆਂ ਤੋਂ ਫੜੇ ਗਏ ਹਨ ਜੋ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਹਨ। ਹਾਮਿਦ ਮੀਰ ਨੇ ਭਾਰਤੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਖਾਨ ਦੀ ਟਿੱਪਣੀ ਪਹਿਲਾ ਇਕਬਾਲੀਆ ਬਿਆਨ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਨਸ਼ਿਆਂ ਦੀ ਤਸਕਰੀ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸੱਚਾਈ ਹੈ ਅਤੇ ਖਾਨ ਦਾ ਇਕਬਾਲੀਆ ਬਿਆਨ ਬਹੁਤ ਮਹੱਤਵਪੂਰਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।