ਡਰੋਨ ਜੰਗਲੀ ਜੀਵਾਂ ਦੀ ਕਰਦੇ ਨੇ ਜ਼ਿਆਦਾ ਸਟੀਕ ਗਿਣਤੀ

02/14/2018 1:52:47 PM

ਮੈਲਬੌਰਨ (ਭਾਸ਼ਾ)— ਖੋਜਕਰਤਾਵਾਂ ਦੇ ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ ਜੰਗਲੀ ਜੀਵਾਂ ਦੀ ਗਿਣਤੀ ਦੇ ਰਵਾਇਤੀ ਢੰਗਾਂ ਦੀ ਤੁਲਨਾ ਵਿਚ ਡਰੋਨ ਨਾਲ ਕੀਤੀ ਜਾਣ ਵਾਲੀ ਗਿਣਤੀ ਵਧ ਸਟੀਕ ਹੁੰਦੀ ਹੈ। ਖੋਜਕਰਤਾਵਾਂ ਨੇ ਜੰਗਲੀ ਜੀਵਾਂ ਦੀ ਗਿਣਤੀ ਲਈ ਰਬੜ ਨਾਲ ਬਣੀਆਂ ਹੋਈਆਂ ਬੱਤਖਾਂ ਦੀ ਵਰਤੋਂ ਕੀਤੀ ਅਤੇ ਇਸ ਮਗਰੋਂ ਡਰੋਨ ਨਾਲ ਉਸ ਦੀ ਨਿਗਰਾਨੀ ਰੱਖੀ ਗਈ। ਉੱਥੇ ਹੀ ਇਸ ਦੇ ਮੁਕਾਬਲੇ ਲੋਕਾਂ ਦੇ ਅਜਿਹੇ ਅਨੁਭਵੀ ਸਮੂਹ ਨੂੰ ਵੀ ਰੱਖਿਆ ਗਿਆ, ਜੋ ਜੰਗਲੀ ਜੀਵਾਂ ਦੀ ਦੂਰਬੀਨ ਜਾਂ ਹੋਰ ਯੰਤਰ ਨਾਲ ਗਿਣਤੀ ਕਰਦੇ ਹਨ। 
ਆਸਟ੍ਰੇਲੀਆ ਵਿਚ ਯੂਨੀਵਰਸਿਟੀ ਆਫ ਐਡੀਲੇਡ ਦੇ ਜੇਰਾਡ ਹੋਜਸਨ ਨੇ ਦੱਸਿਆ, ''ਕੁਝ ਸਾਲਾਂ ਤੋਂ ਡਰੋਨ ਦੀ ਵਰਤੋਂ ਉੱਪਰ ਤੋਂ ਦਿੱਸਣ ਵਾਲੇ ਜਾਨਵਰਾਂ ਦੀ ਨਿਗਰਾਨੀ ਰੱਖਣ ਲਈ ਕੀਤੀ ਜਾਂਦੀ ਹੈ, ਜਿਸ ਵਿਚ ਹਾਥੀ, ਸੀਲ ਅਤੇ ਆਲ੍ਹਣੇ ਵਿਚ ਰਹਿਣ ਵਾਲੇ ਪੰਛੀ ਸ਼ਾਮਲ ਹਨ।''
ਹੋਜਸਨ ਨੇ ਅੱਗੇ ਦੱਸਿਆ ਕਿ ਹਾਲਾਂਕਿ ਅਜੇ ਤੱਕ ਜੰਗਲੀ ਜੀਵਾਂ ਦੀ ਗਿਣਤੀ ਕਰਨ ਦੇ ਮਾਮਲੇ ਵਿਚ ਡਰੋਨ ਕਿੰਨਾ ਕੁ ਸਹੀ ਹੈ, ਇਹ ਗੱਲ ਸਪੱਸ਼ਟ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਤਕਨੀਕ ਦੀ ਪਰਖ ਕਰਨ ਦੀ ਲੋੜ ਸੀ, ਜਿੱਥੋਂ ਅਸੀਂ ਸਹੀ ਜਵਾਬ ਹਾਸਲ ਕਰ ਸਕੀਏ। ਇਸ ਲਈ ਖੋਜਕਰਤਾਵਾਂ ਨੇ ਆਸਟ੍ਰੇਲੀਆ ਵਿਚ ਸਮੁੰਦਰੀ ਕਿਨਾਰੇ ਰਬੜ ਦੀਆਂ ਬੱਤਖਾਂ ਤੋਂ ਨਕਲੀ ਪੰਛੀਆਂ ਦੀ ਕਲੋਨੀ ਬਣਾਈ। ਇਸ ਦੀ ਗਿਣਤੀ ਲਈ ਲੋਕਾਂ ਨੂੰ ਵੀ ਰੱਖਿਆ ਅਤੇ ਡਰੋਨ ਨੂੰ ਵੀ। ਜ਼ਮੀਨ ਤੋਂ ਲੋਕ ਪੰਛੀਆਂ ਦੀ ਗਿਣਤੀ ਕਰਨ ਵਾਲੇ ਟੈਲੀਸਕੋਪ ਜਾਂ ਦੂਰਬੀਨ ਦੀ ਵਰਤੋਂ ਕਰ ਰਹੇ ਸਨ, ਜਦਕਿ ਡਰੋਨ ਸਮੁੰਦਰ ਦੇ ਉੱਪਰ ਉਡ ਰਿਹਾ ਸੀ। ਇਸ ਗਿਣਤੀ ਦੀ ਸਟੀਕਤਾ ਦੇ ਮਾਮਲੇ ਵਿਚ ਡਰੋਨ ਦੀ ਜਿੱਤ ਹੋਈ।


Related News