ਸਾਲ 2021 ਦੇ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਲਈ ਡਾ: ਪਾਲ ਕੌਰ ਅਤੇ ਡਾ: ਰਵਿੰਦਰ ਦੀ ਚੋਣ

Friday, Dec 11, 2020 - 03:39 PM (IST)

ਸਾਲ 2021 ਦੇ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਲਈ ਡਾ: ਪਾਲ ਕੌਰ ਅਤੇ ਡਾ: ਰਵਿੰਦਰ ਦੀ ਚੋਣ

ਬ੍ਰਿਸਬੇਨ, (ਸਤਵਿੰਦਰ ਟੀਨੂੰ )- ਅੱਖ਼ਰ ਦੇ ਬਾਨੀ ਸੰਪਾਦਕ ਪ੍ਰਮਿੰਦਰਜੀਤ ਦੀ ਯਾਦ ਵਿੱਚ ਸਥਾਪਿਤ ਪੁਰਸਕਾਰ ਜੋ ਕਿ ਅੱਖ਼ਰ ਸਾਹਿਤ ਅਕਾਡਮੀ ਅੰਮ੍ਰਿਤਸਰ ਦੇ ਵੱਲੋਂ ਆਸਟਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਵੱਲੋਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੀ। ਇਹ ਪੁਰਸਕਾਰ ਹਰ ਸਾਲ ਜਨਵਰੀ ਵਿੱਚ ਸਾਹਿਤਕ ਯੋਗਦਾਨ ਲਈ ਦਿੱਤਾ ਜਾਂਦਾ ਹੈ। ਇਸ ਵਾਰ ਇਹ ਪੁਰਸਕਾਰ ਨਾਮਵਰ ਲੇਖਿਕਾ ਡਾ: ਪਾਲ ਕੌਰ ਅਤੇ ਸਮਰੱਥ ਸ਼ਾਇਰ ਡਾ: ਰਵਿੰਦਰ ਨੂੰ ਦਿੱਤਾ ਜਾਏਗਾ। ਇਸ ਸੰਬੰਧੀ ਪੰਜ ਮੈਂਬਰੀ ਕਮੇਟੀ ਵਿੱਚ ਜਿਸ ਵਿੱਚ ਇਪਸਾ ਦੇ ਪ੍ਰਧਾਨ ਦਲਵੀਰ ਹਲਵਾਰਵੀ, ਜਨਰਲ ਸਕੱਤਰ ਸਰਬਜੀਤ ਸੋਹੀ, ਅੱਖ਼ਰ ਸਾਹਿਤ ਅਕਾਡਮੀ ਦੇ ਪ੍ਰਧਾਨ ਇੰਦਰੇਸ਼ਮੀਤ, ਅੱਖ਼ਰ ਅਕਾਡਮੀ ਦੇ ਸਰਪ੍ਰਸਤ ਡਾ: ਵਿਕਰਮਜੀਤ ਅਤੇ ਅੱਖ਼ਰ ਦੇ ਸੰਪਾਦਕ ਵਿਸ਼ਾਲ ਸ਼ਾਮਿਲ ਸਨ, ਉਪਰੋਕਤ ਪੈਨਲ ਨੇ ਵਿਚਾਰੇ ਗਏ ਨਾਵਾਂ ਦੀ ਸੂਚੀ ਵਿੱਚੋਂ ਡਾ: ਪਾਲ ਕੌਰ ਅਤੇ ਡਾ: ਰਵਿੰਦਰ ਦੀ ਚੋਣ ਉੱਤੇ ਮੋਹਰ ਲਾਉਂਦਿਆਂ ਦੋਹਾਂ ਸਾਹਿਤਕਾਰਾਂ ਨਾਲ ਸੰਪਰਕ ਕੀਤਾ ਅਤੇ ਮੁਬਾਰਕਬਾਦ ਭੇਜੀ।

 ਪ੍ਰਮਿੰਦਰਜੀਤ ਪੰਜਾਬੀ ਕਵਿਤਾ ਵਿੱਚ ਖਾਸਕਰ ਨਜ਼ਮਕਾਰੀ ਦੇ ਪੱਖ ਤੋਂ ਵਿਸ਼ੇਸ਼ ਸਥਾਨ ਰੱਖਣ ਵਾਲਾ ਕਵੀ ਸੀ। ਉਸ ਦੀ ਯਾਦ ਵਿੱਚ ਉਸਦੇ ਮਿੱਤਰ ਪਿਆਰਿਆਂ ਨੇ ਜਿੱਥੇ ਅੱਖ਼ਰ ਮੈਗਜ਼ੀਨ ਦੀ ਲਗਾਤਾਰਤਾ ਬਣਾਈ ਰੱਖੀ ਹੈ, ਉੱਥੇ ਪ੍ਰਮਿੰਦਰਜੀਤ ਦੀ ਸਿਮਰਤੀ ਵਿੱਚ ਇਹ ਪੁਰਸਕਾਰ ਸ਼ੁਰੂ ਕਰਕੇ ਪੰਜਾਬੀ ਸਾਹਿਤਕਾਰੀ ਵਿੱਚ ਇਕ ਨਵਾਂ ਅਧਿਆਇ ਸ਼ੁਰੂ ਕੀਤਾ ਹੈ। 

ਅੱਖ਼ਰ ਸਾਹਿਤ ਅਕਾਡਮੀ ਅੰਮ੍ਰਿਤਸਰ ਵੱਲੋਂ ਇਸ ਵਾਰ ਇਹ ਸਮਾਰੋਹ ਮਿਤੀ 3 ਜਨਵਰੀ ਐਤਵਾਰ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਵਿਖੇ ਮੀਤ ਫ਼ਾਰਮ ਹਾਊਸ ਅੰਮ੍ਰਿਤਸਰ ਵਿੱਚ ਕਰਵਾਇਆ ਜਾਵੇਗਾ। ਇਸ ਸਮਾਗਮ ਦੀ ਤਿਆਰੀ ਲਈ ਕੀਤੀ ਗਈ ਮੀਟਿੰਗ ਵਿੱਚ ਸੰਸਥਾ ਦੇ ਮੁੱਖੀ ਇੰਦਰੇਸ਼ਮੀਤ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ, ਜਿਸ ਵਿੱਚ ਸਮਾਗਮ ਦੀ ਤਿਆਰੀ, ਬੁਲਾਰਿਆਂ ਅਤੇ ਹੋਰ ਨੁਕਤਿਆਂ ਬਾਰੇ ਵਿਚਾਰ ਵਿਮਰਸ਼ ਕੀਤਾ ਗਿਆ। ਆਸਟਰੇਲੀਆ ਤੋਂ ਸਰਬਜੀਤ ਸੋਹੀ ਫ਼ੋਨ ਰਾਹੀਂ ਮੀਟਿੰਗ ਵਿੱਚ ਸ਼ਾਮਿਲ ਹੋਏ। ਇਸ ਸਮਾਗਮ ਦੇ ਮੁੱਖ ਮਹਿਮਾਨ ਲੇਖਕ ਮੁਖਤਾਰ ਗਿੱਲ ਹੋਣਗੇ। 

ਨਾਮਵਰ ਆਲੋਚਕ ਡਾ: ਜੁਗਿੰਦਰ ਸਿੰਘ ਕੈਰੋਂ ਅਤੇ ਡਾ: ਹਰਭਜਨ ਭਾਟੀਆ ਵਿਸ਼ੇਸ਼ ਮਹਿਮਾਨ ਹੋਣਗੇ। ਸਮਾਗਮ ਨੂੰ ਤਿੰਨ ਸੈਸ਼ਨਾਂ ਵਿੱਚ ਵੰਡਿਆ ਗਿਆ ਹੈ, ਜਿਸ ਦਾ ਵੇਰਵਾ ਛੇਤੀ ਹੀ ਜਾਰੀ ਕੀਤਾ ਜਾਏਗਾ। ਅਗਲੀ ਮੀਟਿੰਗ ਸਮਾਗਮ ਦੀ ਰੂਪ-ਰੇਖਾ ਤਿਆਰ ਕਰਨ ਲਈ ਹੋਵੇਗੀ, ਜਿਸ ਵਿੱਚ ਸੰਸਥਾ ਦੀ ਸਮੁੱਚੀ ਨੌਂ-ਮੈਂਬਰੀ ਟੀਮ ਦੇ ਮੈਂਬਰ ਸਰਪ੍ਰਸਤ- ਡਾ: ਵਿਕਰਮਜੀਤ, ਪ੍ਰਧਾਨ- ਇੰਦਰੇਸ਼ਮੀਤ, ਸੀਨੀਅਰ ਮੀਤ ਪ੍ਰਧਾਨ- ਵਿਸ਼ਾਲ ਸੰਪਾਦਕ ਅੱਖ਼ਰ, ਮੀਤ ਪ੍ਰਧਾਨ ਕੰਵਲਜੀਤ ਭੁੱਲਰ, ਮੀਤ ਪ੍ਰਧਾਨ- ਤਰਲੋਚਨ, ਮੀਡੀਆ ਸਕੱਤਰ- ਬਲਦੇਵ ਕ੍ਰਿਸ਼ਨ, ਜਾਇੰਟ ਸਕੱਤਰ- ਕੰਵਲਜੀਤ ਫਰੀਡਮ, ਜਨਰਲ ਸਕੱਤਰ- ਬਖਤੌਰ ਧਾਲੀਵਾਲ, ਵਿੱਤ ਸਕੱਤਰ- ਕਰਨਮੀਤ ਸਿੰਘ ਅਤੇ ਕਲਾਤਮਕ ਸਹਿਯੋਗੀ ਹਰਮੀਤ ਆਰਟਿਸਟ ਸ਼ਾਮਿਲ ਹੋਣਗੇ। ਅੱਖ਼ਰ ਸਾਹਿਤ ਅਕਾਦਮੀ ਦੇ ਮੁੱਖ ਸਲਾਹਕਾਰ ਵਜੋਂ ਡਾ: ਨਰੇਸ਼ ਅਤੇ ਕਵੀ ਸ਼ੇਖਰ ਬਿਆਸ ਅਤੇ ਮਲਵਿੰਦਰ ਸਲਾਹਕਾਰ ਵਜੋਂ ਸ਼ਾਮਿਲ ਹੋਣਗੇ। ਇਸ ਸਮਾਗਮ ਲਈ ਡਾ: ਕਰਨੈਲ ਸ਼ੇਰਗਿੱਲ ਇੰਗਲੈਂਡ, ਪਰਮਿੰਦਰ ਸੋਢੀ ਜਪਾਨ ਅਤੇ ਮੇਜਰ ਭੁਪਿੰਦਰ ਦਲੇਰ ਅਮਰੀਕਾ ਵੀ ਸਹਿਯੋਗੀਆਂ ਵਿੱਚ ਸ਼ਾਮਿਲ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਪੁਰਸਕਾਰ ਪ੍ਰਸਿੱਧ ਕਵੀ ਡਾ: ਮੋਹਨਜੀਤ, ਯੁਵਾ ਆਲੋਚਕ ਅਤੇ ਗ਼ਜ਼ਲਗੋ ਡਾ: ਜਗਵਿੰਦਰ ਜੋਧਾ ਅਤੇ ਪ੍ਰਤੀਬੱਧ ਸ਼ਾਇਰ ਸ੍ਰੀ ਹਰਭਜਨ ਹੁੰਦਲ਼ ਹੁਰਾਂ ਨੂੰ ਮਿਲ ਚੁੱਕਾ ਹੈ।


author

Lalita Mam

Content Editor

Related News