ਮਾਰੀਤਾਨੀਆ ਨੇੜੇ ਕਿਸ਼ਤੀ ਪਲਟਣ ਕਾਰਨ 58 ਪਰਵਾਸੀਆਂ ਦੀ ਮੌਤ

Thursday, Dec 05, 2019 - 07:14 PM (IST)

ਮਾਰੀਤਾਨੀਆ ਨੇੜੇ ਕਿਸ਼ਤੀ ਪਲਟਣ ਕਾਰਨ 58 ਪਰਵਾਸੀਆਂ ਦੀ ਮੌਤ

ਡਕਾਰ- ਗਾਂਬੀਆ ਤੋਂ ਆ ਰਹੀ ਇਕ ਕਿਸ਼ਤੀ ਦੇ ਮਾਰੀਤਾਨੀਆ ਦੇ ਨੇੜੇ ਪਲਟ ਜਾਣ ਕਾਰਨ ਘੱਟ ਤੋਂ ਘੱਟ 58 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਲੋਕ ਇਸ ਦੌਰਾਨ ਲਾਪਤਾ ਹੋ ਗਏ। ਕਿਸ਼ਤੀ ਦੇ ਪਲਟਣ ਤੋਂ ਬਾਅਦ ਕਈ ਪਰਵਾਸੀ ਤੈਰ ਕੇ ਮਾਰੀਤਾਨੀਆ ਪਹੁੰਚੇ, ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਉਹਨਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਕਿਸ਼ਤੀ ਇਕ ਹਫਤਾ ਪਹਿਲਾਂ ਗਾਂਬੀਆ ਤੋਂ ਰਵਾਨਾ ਹੋਈ ਸੀ ਤੇ ਇਸ ਵਿਚ ਔਰਤਾਂ ਤੇ ਬੱਚਿਆਂ ਸਣੇ 150 ਲੋਕ ਸਵਾਰ ਸਨ।

ਸੰਯੁਕਤ ਰਾਸ਼ਟਰ ਪਰਵਾਸੀ ਏਜੰਸੀ ਅੰਤਰਰਾਸ਼ਟਰੀ ਪਰਵਾਸੀ ਸੰਗਠਨ ਦੀ ਮਾਰੀਤਾਨੀਆਂ ਵਿਚ ਮੁਹਿੰਮ ਮੁਖੀ ਲੌਰਾ ਲੁੰਗਾਰੋਟੀ ਨੇ ਕਿਹਾ ਕਿ ਕੈਨਰੀ ਟਾਪੂ ਵੱਲ ਜਾ ਰਹੀ ਕਿਸ਼ਤੀ ਈਂਧਨ ਤੇ ਭੋਜਨ ਲੈਣ ਮਾਰੀਤਾਨੀਆ ਤੱਟ ਜਾ ਰਹੀ ਸੀ। ਉਹਨਾਂ ਨੇ ਕਿਹਾ ਕਿ ਕਈ ਲੋਕ ਡੁੱਬ ਗਏ। ਜੋ ਲੋਕ ਬਚੇ, ਉਹ ਤੈਰ ਕੇ ਮਾਰੀਤਾਨੀਆ ਦੇ ਤੱਟ 'ਤੇ ਪਹੁੰਚ ਗਏ। ਏਜੰਸੀ ਨੇ ਦੱਸਿਆ ਕਿ ਘੱਟ ਤੋਂ ਘੱਟ 83 ਲੋਕ ਤੈਰ ਕੇ ਤੱਟ 'ਤੇ ਆ ਗਏ। ਅਣਪਛਾਤੀ ਗਿਣਤੀ ਵਿਚ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਿੰਨੇ ਲੋਕ ਲਾਪਤਾ ਹਨ। ਜ਼ਿੰਦਾ ਬਚੇ ਲੋਕਾਂ ਨੇ ਦੱਸਿਆ ਕਿ ਉਹ 27 ਨਵੰਬਰ ਨੂੰ ਗਾਂਬੀਆ ਤੋਂ ਰਵਾਨਾ ਹੋਏ ਸਨ। ਇਸ ਸਬੰਧ ਵਿਚ ਗਾਂਬੀਆ ਵਲੋਂ ਕੋਈ ਅਧਿਕਾਰਿਤ ਬਿਆਨ ਨਹੀਂ ਆਇਆ ਹੈ, ਜਿਥੇ ਹਜ਼ਾਰਾਂ ਲੋਕ ਯੂਰਪ ਪਹੁੰਚਣ ਦੀ ਉਮੀਦ ਵਿਚ ਹਾਲ ਵਿਚ ਰਵਾਨਾ ਹੋਏ ਹਨ। ਏਜੰਸੀ ਮੁਤਾਬਕ ਗਾਂਬੀਆ ਦੇ ਛੋਟੇ ਆਕਾਰ ਦੇ ਬਾਵਜੂਦ 2014 ਤੋਂ 2018 ਵਿਚਾਲੇ ਉਥੋਂ 35 ਹਜ਼ਾਰ ਤੋਂ ਵਧੇਰੇ ਲੋਕ ਯੂਰਪ ਪਹੁੰਚੇ ਹਨ।


author

Baljit Singh

Content Editor

Related News