ਟਰੰਪ ਇਕ ਦਿਨ 'ਚ ਬੋਲਦੇ ਨੇ 17 ਵਾਰ ਝੂਠ, ਵਾਸ਼ਿੰਗਟਨ ਪੋਸਟ ਦਾ ਖੁਲਾਸਾ
Tuesday, Jul 23, 2019 - 01:40 PM (IST)

ਵਾਸ਼ਿੰਗਟਨ— ਅਮਰੀਕੀ ਦੌਰੇ 'ਤੇ ਗਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਪੀ. ਐੱਮ. ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਕਰਨ ਦੀ ਅਪੀਲ ਕੀਤੀ ਸੀ। ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵਲੋਂ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਅਮਰੀਕਾ ਦੀ ਮਦਦ ਨਹੀਂ ਮੰਗੀ ਗਈ। ਇਸ ਗੱਲ ਦੀ ਹਾਮੀ ਭਾਰਤ ਤੋਂ ਇਲਾਵਾ ਅਮਰੀਕੀ ਸੰਸਦ ਮੈਂਬਰ ਵੀ ਭਰ ਰਹੇ ਹਨ ਕਿ ਭਾਰਤ ਕਦੇ ਇਸ ਮਾਮਲੇ 'ਚ ਵਿਚੋਲਗੀ ਦੀ ਮੰਗ ਨਹੀਂ ਰੱਖ ਸਕਦਾ। ਟਰੰਪ ਦਾ ਬਿਆਨ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਅਮਰੀਕਾ ਦੀ ਅਖਬਾਰ 'ਵਾਸ਼ਿੰਗਟਨ ਪੋਸਟ' ਦੀ ਇਕ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਟਰੰਪ ਦਿਨ 'ਚ ਕਈ ਵਾਰ ਝੂਠ ਬੋਲਦੇ ਹਨ। ਆਪਣੇ ਦੋ ਸਾਲ ਦੇ ਕਾਰਜਕਾਲ 'ਚ ਟਰੰਪ ਨੇ 8,158 ਵਾਰ ਝੂਠ ਬੋਲਿਆ। ਟਰੰਪ ਨੇ 2018 'ਚ ਰੋਜ਼ਾਨਾ 17 ਵਾਰ ਝੂਠ ਬੋਲਿਆ।
ਸਾਬਕਾ ਅਮਰੀਕੀ ਰਾਜਦੂਤ ਵੀ ਨਹੀਂ ਟਰੰਪ ਨਾਲ ਸਹਿਮਤ—
ਟਰੰਪ ਪਹਿਲਾਂ ਵੀ ਕਈ ਵਾਰ ਗੈਰ-ਜ਼ਿੰਮੇਦਾਰਾਨਾ ਬਿਆਨ ਦੇ ਕੇ ਅਮਰੀਕਾ ਲਈ ਮੁਸ਼ਕਲਾਂ ਖੜ੍ਹੇ ਕਰਦੇ ਰਹੇ ਹਨ। ਭਾਰਤ 'ਚ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਵਰਮਾ ਨੇ ਮੀਡੀਆ ਨੂੰ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਅੱਜ ਬਹੁਤ ਨੁਕਸਾਨ ਕੀਤਾ ਹੈ। ਕਸ਼ਮੀਰ ਅਤੇ ਅਫਗਾਨਿਸਤਾਨ 'ਤੇ ਕੀਤੀ ਗਈ ਉਨ੍ਹਾਂ ਦੀ ਟਿੱਪਣੀ ਬਾਰੇ ਕਿਸੇ ਨੇ ਸੋਚਿਆ ਨਹੀਂ ਸੀ।
ਅਮਰੀਕੀ ਸੰਸਦ ਮੈਂਬਰ ਬ੍ਰੈਡ ਸ਼ੇਰਮੈਨ ਨੇ ਕਿਹਾ ਕਿ ਭਾਰਤ ਅਜਿਹਾ ਕਦੇ ਨਹੀਂ ਕਰ ਸਕਦਾ। ਸ਼ੇਰਮੈਨ ਨੇ ਟਵੀਟ ਕਰਕੇ ਕਿਹਾ, ''ਹਰ ਉਹ ਵਿਅਕਤੀ ਜੋ ਦੱਖਣੀ ਏਸ਼ੀਆ 'ਚ ਵਿਦੇਸ਼ ਨੀਤੀ ਦੇ ਬਾਰੇ 'ਚ ਕੁਝ ਵੀ ਜਾਣਕਾਰੀ ਰੱਖਦਾ ਹੈ। ਉਹ ਜਾਣਦਾ ਹੈ ਕਿ ਕਸ਼ਮੀਰ 'ਤੇ ਭਾਰਤ ਲਗਾਤਾਰ ਤੀਜੇ ਪੱਖ ਦੀ ਵਿਚੋਲਗੀ ਦਾ ਵਿਰੋਧ ਕਰਦਾ ਰਿਹਾ ਹੈ। ਸਾਰੇ ਜਾਣਦੇ ਹਨ ਕਿ ਪੀ. ਐੱਮ. ਮੋਦੀ ਕਦੇ ਅਜਿਹੀ ਗੱਲ ਨਹੀਂ ਕਰਨਗੇ। ਟਰੰਪ ਦਾ ਬਿਆਨ ਸ਼ਰਮਨਾਕ ਤੇ ਗਲਤ ਹੈ।'' ਉਨ੍ਹਾਂ ਨੇ ਇਸ ਲਈ ਭਾਰਤੀ ਰਾਜਦੂਤ ਤੋਂ ਮੁਆਫੀ ਵੀ ਮੰਗੀ।