ਟਰੰਪ ਦੀ 'ਪਸੰਦੀਦਾ ਕੈਬਨਿਟ' ਤੋਂ Tension 'ਚ ਪਾਕਿ, ਭਾਰਤੀ ਮੂਲ ਦੀ ਤੁਲਸੀ ਸਣੇ ਇਨ੍ਹਾਂ ਨੇਤਾਵਾਂ ਨੇ ਉਡਾਈ ਨੀਂਦ

Tuesday, Nov 19, 2024 - 05:13 PM (IST)

ਟਰੰਪ ਦੀ 'ਪਸੰਦੀਦਾ ਕੈਬਨਿਟ' ਤੋਂ Tension 'ਚ ਪਾਕਿ, ਭਾਰਤੀ ਮੂਲ ਦੀ ਤੁਲਸੀ ਸਣੇ ਇਨ੍ਹਾਂ ਨੇਤਾਵਾਂ ਨੇ ਉਡਾਈ ਨੀਂਦ

ਇਸਲਾਮਾਬਾਦ (ਏਜੰਸੀ)- ਟਰੰਪ ਦੀ ਆਉਣ ਵਾਲੀ ਕੈਬਨਿਟ ਦੇ ਨਾਵਾਂ ਦੇ ਐਲਾਨ ਤੋਂ ਪਾਕਿਸਤਾਨ ਕਾਫੀ ਪਰੇਸ਼ਾਨ ਹੈ। ਇਸ ਦਾ ਕਾਰਨ ਇਹ ਹੈ ਕਿ ਟਰੰਪ ਦੀ ਕੈਬਨਿਟ ਵਿਚ ਜ਼ਿਆਦਾਤਰ ਨੇਤਾ ਅਜਿਹੇ ਹਨ, ਜਿਨ੍ਹਾਂ ਦੀ ਪਾਕਿਸਤਾਨ ਪ੍ਰਤੀ ਚੰਗੀ ਸੋਚ ਨਹੀਂ ਹੈ। ਇਹੀ ਕਾਰਨ ਹੈ ਕਿ ਵਿੱਤੀ ਸੰਕਟ ਵਿੱਚ ਘਿਰੀ ਪਾਕਿਸਤਾਨ ਦੀ ਸਰਕਾਰ ਨੂੰ ਅਮਰੀਕਾ ਤੋਂ ਜੋ ਉਮੀਦਾਂ ਸਨ, ਉਨ੍ਹਾਂ ਨੂੰ ਝਟਕਾ ਲੱਗਣਾ ਤੈਅ ਹੈ। ਪਾਕਿਸਤਾਨੀ ਨੀਤੀ ਨਿਰਮਾਤਾ ਟਰੰਪ ਦੀ ਪਸੰਦ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ, ਜੋ ਅਮਰੀਕੀ ਪ੍ਰਸ਼ਾਸਨ ਦੀ ਭਵਿੱਖੀ ਵਿਦੇਸ਼ ਨੀਤੀ ਦਾ ਸੰਕੇਤ ਹੈ। ਜਿਨ੍ਹਾਂ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਉਹ ਸਪੱਸ਼ਟ ਸੰਦੇਸ਼ ਦਿੰਦੇ ਹਨ ਕਿ ਭਾਰਤ ਟਰੰਪ ਸਰਕਾਰ ਦੀ ਤਰਜੀਹੀ ਸੂਚੀ ਵਿੱਚ ਕਾਫੀ ਉੱਪਰ ਹੈ। ਮੰਨਿਆ ਜਾ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਅਤੇ ਅਮਰੀਕੀ ਵਿਦੇਸ਼ ਨੀਤੀ ਦੀ ਤਰਜੀਹੀ ਸੂਚੀ ਵਿੱਚ ਪਾਕਿਸਤਾਨ ਸ਼ਾਮਲ ਨਹੀਂ ਹੈ।

ਇਹ ਵੀ ਪੜ੍ਹੋ: ਬ੍ਰਾਜ਼ੀਲ ’ਚ PM ਮੋਦੀ ਨੂੰ ਗਰਮਜੋਸ਼ੀ ਨਾਲ ਮਿਲੇ ਰਾਸ਼ਟਰਪਤੀ ਸਿਲਵਾ, ਮੋਡੇ ’ਤੇ ਹੱਥ ਰੱਖ ਦੇਰ ਤੱਕ ਕਰਦੇ ਰਹੇ ਗੱਲਾਂ

ਵਿਦੇਸ਼ ਮੰਤਰੀ ਮਾਰਕੋ ਰੂਬੀਓ

ਸੈਨੇਟਰ ਮਾਰਕੋ ਰੂਬੀਓ ਨੂੰ ਅਗਲੇ ਅਮਰੀਕੀ ਵਿਦੇਸ਼ ਮੰਤਰੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਰੂਬੀਓ ਪਾਕਿਸਤਾਨ ਦੇ ਆਲੋਚਕ ਮੰਨੇ ਜਾਂਦੇ ਹਨ। ਬਤੌਰ ਸੈਨੇਟਰ ਰੂਬੀਓ ਨੇ ਪਿਛਲੀ ਸਰਕਾਰ ਵਿਚ ਸੰਸਦ ਵਿਚ ਇਕ ਬਿੱਲ ਪੇਸ਼ ਕੀਤਾ ਸੀ, ਜਿਸ ਨੇ ਪਾਕਿਸਤਾਨੀ ਫੌਜ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਸੀ। ਦਰਅਸਲ, ਇਸ ਬਿੱਲ ਵਿਚ ਮਾਰਕੋ ਰੂਬੀਓ ਨੇ ਪਾਕਿਸਤਾਨ 'ਤੇ ਭਾਰਤ ਵਿਰੁੱਧ ਰਾਜ ਸਪਾਂਸਰਡ ਪ੍ਰੌਕਸੀ ਸਮੂਹਾਂ ਦੁਆਰਾ  ਅੱਤਵਾਦ ਫੈਲਾਉਣ ਦਾ ਦੋਸ਼ ਲਗਾਇਆ ਸੀ। ਇਸ ਬਿੱਲ ਵਿੱਚ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਸਹਾਇਤਾ ਰੋਕਣ ਦੀ ਸਲਾਹ ਦਿੱਤੀ ਗਈ ਸੀ। ਇਸ ਤੋਂ ਇਲਾਵਾ ਰੂਬੀਓ ਨੇ ਅਮਰੀਕੀ ਸੈਨੇਟ 'ਚ ਇਕ ਹੋਰ ਬਿੱਲ ਪੇਸ਼ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਚੀਨ ਤੋਂ ਵਧਦੇ ਖਤਰੇ ਦੇ ਮੱਦੇਨਜ਼ਰ ਭਾਰਤ ਨਾਲ ਰੱਖਿਆ ਸਹਿਯੋਗ ਵਧਾਉਣ ਦੀ ਵਕਾਲਤ ਕੀਤੀ ਸੀ।

ਇਹ ਵੀ ਪੜ੍ਹੋ: ਅਮਰੀਕਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭੇਜਣ ਦੇ ਮਾਮਲੇ 'ਚ ਭਾਰਤ ਮੋਹਰੀ

ਅਮਰੀਕੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ

ਟਰੰਪ ਨੇ ਤੁਲਸੀ ਗਬਾਰਡ ਨੂੰ ਅਮਰੀਕੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਦੇ ਅਹਿਮ ਅਹੁਦੇ ਲਈ ਨਾਮਜ਼ਦ ਕੀਤਾ ਹੈ। ਤੁਲਸੀ ਨੇ ਫਰਵਰੀ 2019 'ਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦਾ ਸਮਰਥਨ ਕੀਤਾ ਸੀ। ਇਸ ਤੋਂ ਇਲਾਵਾ ਉਹ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨੂੰ ਪਨਾਹ ਦੇਣ ਲਈ ਪਾਕਿਸਤਾਨ ਦੀ ਆਲੋਚਨਾ ਕਰ ਚੁੱਕੀ ਹੈ। ਓਸਾਮਾ 2011 ਵਿੱਚ ਪਾਕਿਸਤਾਨ ਦੇ ਐਬਟਾਬਾਦ ਵਿੱਚ ਅਮਰੀਕੀ ਜਲ ਸੈਨਾ ਦੇ ਕਰਮਚਾਰੀਆਂ ਦੁਆਰਾ ਇੱਕ ਕਾਰਵਾਈ ਵਿੱਚ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਨੇ ਨਾਈਜੀਰੀਆ ਦੇ ਰਾਸ਼ਟਰਪਤੀ ਨੂੰ ਤੋਹਫ਼ੇ 'ਚ ਦਿੱਤਾ ਚਾਂਦੀ ਦਾ ਪੰਚਾਮ੍ਰਿਤ ਕਲਸ਼

ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼

ਮਾਰਕੋ ਰੂਬੀਓ ਵਾਂਗ, ਡੋਨਾਲਡ ਟਰੰਪ ਦੇ ਨਵੇਂ ਪ੍ਰਸ਼ਾਸਨ ਵਿਚ ਇਕ ਹੋਰ ਪ੍ਰਮੁੱਖ ਹਸਤੀ ਮਾਈਕ ਵਾਲਟਜ਼ ਹੈ - ਜਿਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣਾਇਆ ਗਿਆ ਹੈ। ਮਾਈਕ ਵਾਲਟਜ਼ ਵੀ ਪਾਕਿਸਤਾਨ ਦੇ ਕੱਟੜ ਆਲੋਚਕ ਹਨ। ਵਾਲਟਜ਼ ਨੇ ਇਕ ਵਾਰ ਆਪਣੇ ਬਿਆਨ ਵਿਚ ਪਾਕਿਸਤਾਨ 'ਤੇ ਆਪਣੀ ਵਿਦੇਸ਼ ਨੀਤੀ ਵਿਚ ਅੱਤਵਾਦ ਦਾ ਸਹਾਰਾ ਲੈਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਅੱਤਵਾਦ ਵਿਦੇਸ਼ ਨੀਤੀ ਦਾ ਇਕ ਸਾਧਨ ਨਹੀਂ ਹੋ ਸਕਦਾ। ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਅਤੇ ਪਾਕਿਸਤਾਨ ਸਰਕਾਰ, ਪਾਕਿਸਤਾਨੀ ਫੌਜ ਅਤੇ ਉਸ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੂੰ ਇਸ ਤੋਂ ਅੱਗੇ ਵਧਣਾ ਹੋਵੇਗਾ।

ਇਹ ਵੀ ਪੜ੍ਹੋ: UK ਦੀ ਸੰਸਦ ’ਚ ਸਿੱਖ ਨੇ ਰਚਿਆ ਇਤਿਹਾਸ

ਜੌਨ ਰੈਟਕਲਿਫ, CIA ਚੀਫ 

ਜੌਨ ਰੈਟਕਲਿਫ, ਜੋ ਸੀ.ਆਈ.ਏ. ਦੀ ਅਗਵਾਈ ਕਰਨਗੇ, ਨੇ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਰਾਸ਼ਟਰੀ ਖੁਫੀਆ ਵਿਭਾਗ ਦੇ ਅਮਰੀਕੀ ਨਿਰਦੇਸ਼ਕ ਵਜੋਂ ਸੇਵਾ ਨਿਭਾਈ। ਉਹ ਈਰਾਨ ਅਤੇ ਚੀਨ 'ਤੇ ਨਜ਼ਦੀਕੀ ਨਜ਼ਰ ਰੱਖਣ ਲਈ ਜਾਣੇ ਜਾਂਦੇ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਟਰੰਪ ਦੁਆਰਾ ਕੀਤੀਆਂ ਗਈਆਂ ਸਾਰੀਆਂ ਮਹੱਤਵਪੂਰਨ ਨਾਮਜ਼ਦਗੀਆਂ ਭਵਿੱਖ ਵਿੱਚ ਅਮਰੀਕਾ-ਪਾਕਿ ਸਬੰਧਾਂ ਲਈ ਚੰਗਾ ਸੰਕੇਤ ਨਹੀਂ ਦਿੰਦੀਆਂ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਨੂੰ ਟਰੰਪ ਪ੍ਰਸ਼ਾਸਨ ਦੇ ਹੱਥੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

ਪਿਛਲੇ ਹਫਤੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਕਿਹਾ ਸੀ ਕਿ ਇਸਲਾਮਾਬਾਦ ਕਿਸੇ ਵੀ ਸੰਘਰਸ਼ ਵਿੱਚ ਕਿਸੇ ਵੀ ਧੜੇ ਦਾ ਹਿੱਸਾ ਨਹੀਂ ਬਣੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਿਆਨ ਆਉਣ ਵਾਲੇ ਟਰੰਪ ਪ੍ਰਸ਼ਾਸਨ ਲਈ ਅਸਿੱਧਾ ਸੰਦੇਸ਼ ਹੈ। ਸਰਕਾਰੀ ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਪਾਕਿਸਤਾਨੀ ਫੌਜ ਨੇ ਟਰੰਪ ਦੀ ਟੀਮ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News