ਰੂਸ ਨਾਲ ਕੀਤੀ INF ਸੰਧੀ ਤੋਂ ਵੱਖ ਹੋਵੇਗਾ ਅਮਰੀਕਾ : ਟਰੰਪ
Sunday, Oct 21, 2018 - 10:40 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਦੇਸ਼ ਮੱਧ ਦੂਰੀ ਦੀ ਪਰਮਾਣੂ ਸ਼ਕਤੀ (ਆਈ.ਐੱਨ.ਐੱਫ.) ਸੰਧੀ ਤੋਂ ਵੱਖ ਹੋ ਜਾਵੇਗਾ, ਜਿਸ 'ਤੇ ਉਸ ਨੇ ਸ਼ੀਤ ਯੁੱਧ ਦੌਰਾਨ ਰੂਸ ਨਾਲ ਦਸਤਖਤ ਕੀਤੇ ਸਨ। ਨਾਲ ਹੀ ਉਨ੍ਹਾਂ ਨੇ ਦੋਸ਼ ਲਗਾਇਆ ਕਿ ਰੂਸ ਨੇ ਸਮਝੌਤੇ ਦੀ ਉਲੰਘਣਾ ਕੀਤੀ। ਟਰੰਪ ਨੇ ਨੇਵਾਦਾ ਵਿਚ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਕਿਹਾ,''ਅਸੀਂ ਸਮਝੌਤੇ ਨੂੰ ਖਤਮ ਕਰਨ ਜਾ ਰਹੇ ਹਾਂ ਅਤੇ ਅਸੀਂ ਇਸ ਤੋਂ ਬਾਹਰ ਹੋਣ ਜਾ ਰਹੇ ਹਾਂ।'' ਟਰੰਪ ਤੋਂ ਉਨ੍ਹਾਂ ਖਬਰਾਂ ਬਾਰੇ ਪੁੱਛਿਆ ਗਿਆ ਸੀ ਕਿ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਚਾਹੁੰਦੇ ਹਨ ਕਿ ਅਮਰੀਕਾ ਤਿੰਨ ਦਹਾਕਿਆਂ ਪੁਰਾਣੀ ਸੰਧੀ ਤੋਂ ਵੱਖ ਹੋ ਜਾਵੇ।
ਇੱਥੇ ਦੱਸਣਯੋਗ ਹੈ ਕਿ ਸਾਲ 1987 ਵਿਚ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਅਤੇ ਉਸ ਸਮੇਂ ਦੇ ਯੂ.ਐੱਸ.ਐੱਸ.ਆਰ. ਹਮਰੁਤਬਾ ਮਿਖਾਈਲ ਗੋਰਬਾਚੇਵ ਨੇ ਮੱਧ ਦੂਰੀ ਅਤੇ ਛੋਟੀ ਦੂਰੀ ਦੀਆਂ ਮਿਜ਼ਾਈਲਾਂ ਦਾ ਨਿਰਮਾਣ ਨਾ ਕਰਨ ਲਈ ਆਈ.ਐੱਨ.ਐੱਫ. ਸੰਧੀ 'ਤੇ ਦਸਤਖਤ ਕੀਤੇ ਸਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ,''ਜਦੋਂ ਤੱਕ ਰੂਸ ਅਤੇ ਚੀਨ ਇਕ ਨਵੇਂ ਸਮਝੌਤੇ 'ਤੇ ਸਹਿਮਤ ਨਾ ਹੋ ਜਾਣ ਉਦੋਂ ਤੱਕ ਅਸੀਂ ਸਮਝੌਤੇ ਨੂੰ ਖਤਮ ਕਰ ਰਹੇ ਹਾਂ ਅਤੇ ਫਿਰ ਹਥਿਆਰ ਬਣਾਉਣ ਜਾ ਰਹੇ ਹਾਂ।'' ਟਰੰਪ ਨੇ ਦੋਸ਼ ਲਗਾਇਆ,''ਰੂਸ ਨੇ ਸਮਝੌਤੇ ਦੀ ਉਲੰਘਣਾ ਕੀਤੀ ਹੈ। ਉਹ ਕਈ ਸਾਲਾਂ ਤੋਂ ਇਸ ਦੀ ਉਲੰਘਣਾ ਕਰ ਰਿਹਾ ਹੈ।'' ਉਨ੍ਹਾਂ ਨੇ ਕਿਹਾ,''ਅਸੀਂ ਉਨ੍ਹਾਂ ਨੂੰ ਪਰਮਾਣੂ ਸਮਝੌਤੇ ਦੀ ਉਲੰਘਣਾ ਕਰਨ ਅਤੇ ਹਥਿਆਰ ਬਣਾਉਣ ਨਹੀਂ ਦੇ ਰਹੇ ਅਤੇ ਸਾਨੂੰ ਵੀ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਹੈ।''
ਟਰੰਪ ਨੇ ਕਿਹਾ,''ਜਦੋਂ ਤੱਕ ਰੂਸ ਅਤੇ ਚੀਨ ਸਾਡੇ ਕੋਲ ਨਹੀਂ ਆਉਂਦੇ ਅਤੇ ਕਹਿੰਦੇ ਕਿ ਚੰਗਾ ਹੁਣ ਸਾਡੇ ਵਿਚੋਂ ਕੋਈ ਉਨ੍ਹਾਂ ਹਥਿਆਰਾਂ ਨੂੰ ਨਾ ਬਣਾਏ ਉਦੋਂ ਤੱਕ ਸਾਨੂੰ ਉਨ੍ਹਾਂ ਹਥਿਆਰਾਂ ਨੂੰ ਬਣਾਉਣਾ ਹੋਵੇਗਾ ਪਰ ਜਦੋਂ ਤੱਕ ਰੂਸ ਅਤੇ ਚੀਨ ਇਸ ਦੀ ਉਲੰਘਣਾ ਕਰਦੇ ਰਹਿਣਗੇ ਉਦੋਂ ਤੱਕ ਅਮਰੀਕਾ ਇਸ ਸਮਝੌਤੇ ਦੀ ਪਾਲਨਾ ਨਹੀਂ ਕਰੇਗਾ।'' ਟਰੰਪ ਨੇ ਦੋਸ਼ ਲਗਾਇਆ ਕਿ ਉਨ੍ਹਾਂ ਤੋਂ ਪਹਿਲੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਮਾਮਲੇ 'ਤੇ ਚੁੱਪੀ ਬਣਾਈ ਰੱਖੀ। ਉਨ੍ਹਾਂ ਨੇ ਕਿਹਾ,''ਮੈਨੂੰ ਨਹੀਂ ਪਤਾ ਕਿ ਕਿਉਂ ਰਾਸ਼ਟਰਪਤੀ ਓਬਾਮਾ ਨੇ ਗੱਲਬਾਤ ਕਰਨ ਜਾਂ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ।''