ਅਮਰੀਕਾ ਨੇ ਖਤਮ ਕੀਤਾ ਹਾਂਗਕਾਂਗ ਦਾ ਵਿਸ਼ੇਸ਼ ਦਰਜਾ, ਹੁਣ ਚੀਨ ਵਾਂਗ ਹੋਵੇਗਾ ਵਤੀਰਾ

07/15/2020 10:44:20 AM

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਹਾਂਗਕਾਂਗ ਨੂੰ ਦਿੱਤਾ ਗਿਆ ਵਿਸ਼ੇਸ਼ ਰੁਤਬਾ ਖਤਮ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਹਾਂਗਕਾਂਗ ਨਾਲ ਹੁਣ ਚੀਨ ਵਾਂਗ ਹੀ ਵਿਵਹਾਰ ਕੀਤਾ ਜਾਵੇਗਾ।

ਟਰੰਪ ਨੇ ਇਹ ਆਦੇਸ਼ ਅਜਿਹੇ ਸਮੇਂ ਜਾਰੀ ਕੀਤੇ ਜਦੋਂ ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਕਾਫ਼ੀ ਵਧਿਆ ਹੈ। ਹਾਂਗਕਾਂਗ ਵਿਚ ਚੀਨ ਵਲੋਂ ਲਾਗੂ ਕੀਤੇ ਗਏ ਨਵੇਂ ਵਿਵਾਦਪੂਰਨ ਰਾਸ਼ਟਰੀ ਸੁਰੱਖਿਆ ਕਾਨੂੰਨ ਤੋਂ ਬਾਅਦ ਹੀ ਟਰੰਪ ਪ੍ਰਸ਼ਾਸਨ ਦਾ ਰੁਖ ਚੀਨ ਪ੍ਰਤੀ ਸਖਤ ਹੁੰਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਸ ਮਹੀਨੇ ਦੇ ਸ਼ੁਰੂ ਵਿਚ ਅਮਰੀਕਾ ਨੇ ਹਾਂਗਕਾਂਗ ਨੂੰ ਰੱਖਿਆ ਉਪਕਰਣਾਂ ਅਤੇ ਸੰਵੇਦਨਸ਼ੀਲ ਤਕਨਾਲੋਜੀ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਅਮਰੀਕੀ ਰਾਸ਼ਟਰ ਖੁਦਮੁਖਤਿਆਰੀ ਕਾਨੂੰਨ ਨਾਮਕ ਇਕ ਹੋਰ ਹੁਕਮ 'ਤੇ ਵੀ ਦਸਤਖਤ ਕੀਤੇ ਸਨ। ਇਸ ਕਾਨੂੰਨ ਤਹਿਤ ਅਮਰੀਕਾ ਹਾਂਗਕਾਂਗ ਵਿਚ ਲੋਕਾਂ ਦੇ ਅਧਿਕਾਰਾਂ ਦਾ ਉਲੰਘਣਾ ਕਰਨ ਵਾਲੀਆਂ ਚੀਨੀ ਕੰਪਨੀਆਂ ਖਿਲਾਫ ਸੰਯੁਕਤ ਰਾਜ ਵਿਚ ਕਾਰਵਾਈ ਕਰ ਸਕਦਾ ਹੈ।

ਦਰਅਸਲ, ਬ੍ਰਿਟਿਸ਼ ਦੀ ਕਲੋਨੀ ਰਹੇ ਹਾਂਗਕਾਂਗ ਦੇ ਲੋਕਾਂ ਕੋਲ ਚੀਨ ਵਿਚ ਰਹਿਣ ਵਾਲੇ ਲੋਕਾਂ ਨਾਲੋਂ ਵਧੇਰੇ ਅਧਿਕਾਰ ਅਤੇ ਆਜ਼ਾਦੀ ਹੈ। ਚੀਨ ਨੇ ਹਾਂਗਕਾਂਗ ਵਿਚ ਵਿਵਾਦਪੂਰਨ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਹੈ। ਹਾਂਗਕਾਂਗ ਦੇ ਲੋਕਾਂ ਤੋਂ ਇਲਾਵਾ, ਵਿਸ਼ਵ ਦੇ ਬਹੁਤ ਸਾਰੇ ਵਿਸ਼ਲੇਸ਼ਕ ਮੰਨਦੇ ਹਨ ਕਿ ਇਹ ਕਾਨੂੰਨ ਹਾਂਗਕਾਂਗ ਦੀ ਖੁਦਮੁਖਤਿਆਰੀ ਅਤੇ ਨਾਗਰਿਕ ਅਧਿਕਾਰਾਂ ਲਈ ਗੰਭੀਰ ਖ਼ਤਰਾ ਪੈਦਾ ਕਰੇਗਾ। ਇਸ ਤੋਂ ਇਲਾਵਾ, ਚੀਨ ਅਤੇ ਬ੍ਰਿਟੇਨ ਵਿਚਾਲੇ 1984 ਦੇ ਸਮਝੌਤੇ ਤਹਿਤ ਹਾਂਗਕਾਂਗ ਵਲੋਂ ਪ੍ਰਾਪਤ ਕੀਤਾ ਵਿਸ਼ੇਸ਼ ਦਰਜਾ ਵੀ ਖ਼ਤਮ ਹੋ ਜਾਵੇਗਾ। ਹਾਂਗਕਾਂਗ ਤੋਂ ਇਲਾਵਾ ਅਮਰੀਕਾ ਅਤੇ ਕਈ ਯੂਰਪੀਅਨ ਦੇਸ਼ਾਂ ਵਿਚ ਇਸ ਕਾਨੂੰਨ ਖਿਲਾਫ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

ਜ਼ਿਕਰਯੋਗ ਹੈ ਕਿ 1997 ਵਿਚ ਬ੍ਰਿਟੇਨ ਨੇ ਹਾਂਗਕਾਂਗ ਨੂੰ ਚੀਨ ਦੇ ਹਵਾਲੇ ਕਰ ਦਿੱਤਾ ਸੀ ਪਰ ਇਕ ਵਿਸ਼ੇਸ਼ ਸਮਝੌਤੇ ਤਹਿਤ 50 ਸਾਲਾਂ ਲਈ ਕੁਝ ਅਧਿਕਾਰਾਂ ਦੀ ਗਰੰਟੀ ਵੀ ਦਿੱਤੀ ਗਈ ਸੀ। ਇਕ ਵਿਸ਼ੇਸ਼ ਪ੍ਰਸ਼ਾਸਕੀ ਖੇਤਰ ਵਜੋਂ ਹਾਂਗਕਾਂਗ 'ਇਕ ਦੇਸ਼, ਦੋ ਸਿਸਟਮ' ਦੇ ਸਿਧਾਂਤ ਤਹਿਤ ਚੀਨ ਦੇ ਸ਼ਾਸਨ ਤੋਂ ਵੱਖਰੇ ਸ਼ਾਸਨ ਅਤੇ ਆਰਥਿਕ ਪ੍ਰਣਾਲੀਆਂ ਨੂੰ ਕਾਇਮ ਰੱਖਦਾ ਹੈ।


Lalita Mam

Content Editor

Related News