US ਚੋਣਾਂ 2020 : ਚੋਣ ਰੈਲੀ 'ਚ ਨੱਚੇ ਡੋਨਾਲਡ ਟਰੰਪ, ਵਾਇਰਲ ਹੋਇਆ ਵੀਡੀਓ
Wednesday, Oct 14, 2020 - 10:57 AM (IST)

ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ 3 ਨਵੰਬਰ ਨੂੰ ਹੋਣੀਆਂ ਹਨ ਤੇ ਤਾਰੀਖ਼ ਨੇੜੇ ਆਉਣ ਦੇ ਨਾਲ-ਨਾਲ ਚੋਣ ਪ੍ਰਚਾਰ ਵੀ ਤੇਜ਼ ਹੋ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਈਡੇਨ ਰਾਸ਼ਟਰਪਤੀ ਅਹੁਦੇ ਨੂੰ ਜਿੱਤਣ ਲਈ ਲੋਕਾਂ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਚੋਣ ਪ੍ਰਚਾਰ ਦੌਰਾਨ ਡੋਨਾਲਡ ਟਰੰਪ ਨੂੰ ਆਪਣੇ ਫੈਨਜ਼ ਅੱਗੇ ਨੱਚਦਿਆਂ ਦੇਖਿਆ ਗਿਆ।
My POTUS ❤️ @realDonaldTrump pic.twitter.com/YQOMRt5bbO
— Ryann McEnany (@RyannMcEnany) October 13, 2020
ਟਰੰਪ ਨੇ ਕੋਰੋਨਾ ਵਾਇਰਸ ਨੂੰ ਮਾਤ ਦੇਣ ਦੇ ਬਾਅਦ ਚੋਣ ਪ੍ਰਚਾਰ ਮੁੜ ਸ਼ੁਰੂ ਕੀਤਾ ਤੇ ਦੱਸਿਆ ਕਿ ਹੁਣ ਉਹ ਖੁਦ ਨੂੰ ਵਧੇਰੇ ਸ਼ਕਤੀਸ਼ਾਲੀ ਮਹਿਸੂਸ ਕਰ ਰਹੇ ਹਨ। ਓਰਲੈਂਡੋ ਦੇ ਸੈਂਡਫੋਰਡ ਵਿਚ ਇਕੱਠੀ ਹੋਈ ਭੀੜ ਨੂੰ ਦੇਖ ਕੇ ਉਹ ਖੁਸ਼ ਹੋ ਗਏ ਤੇ ਭਾਸ਼ਣ ਦੇਣ ਲਈ ਤਿਆਰ ਕੀਤੇ ਮੰਚ 'ਤੇ ਜਿਵੇਂ ਹੀ ਰਾਸ਼ਟਰਪਤੀ ਟਰੰਪ ਨੇ ਥਿਰਕਣਾ ਸ਼ੁਰੂ ਕੀਤਾ, ਉਨ੍ਹਾਂ ਦੇ ਫੈਨਜ਼ ਵੀ ਝੂਮਣ ਲੱਗ ਗਏ। ਟਰੰਪ ਦੇ ਡਾਂਸ ਦੀ ਵੀਡੀਓ ਕਾਫੀ ਵਾਇਰਲ ਵੀ ਹੋ ਰਹੀ ਹੈ। ਹਾਲਾਂਕਿ ਵਿਰੋਧੀ ਪੱਖ ਉਨ੍ਹਾਂ ਦਾ ਮਜ਼ਾਕ ਵੀ ਉਡਾ ਰਿਹਾ ਹੈ।
ਆਲੋਚਕਾਂ ਦਾ ਕਹਿਣਾ ਹੈ ਕਿ ਟਰੰਪ ਖੁਦ ਨੂੰ ਤੰਦਰੁਸਤ ਦਿਖਾਉਣ ਲਈ ਅਜਿਹਾ ਕਰ ਰਹੇ ਹਨ। ਉਨ੍ਹਾਂ ਦੇ ਸਮਰਥਕਾਂ ਨੇ ਚੋਣ ਪ੍ਰਚਾਰ ਰੈਲੀ ਦੌਰਾਨ ਸਮਾਜਕ ਦੂਰੀ ਵੀ ਨਹੀਂ ਬਣਾਈ ਤੇ ਕਈਆਂ ਨੇ ਮਾਸਕ ਵੀ ਨਹੀਂ ਪਾਇਆ। ਇਸ ਦੇ ਬਾਵਜੂਦ ਟਰੰਪ ਨੇ ਆਪਣੇ ਸਮਰਥਕਾਂ ਨੂੰ ਟੋਕਿਆ ਨਹੀਂ। ਟਰੰਪ ਨੇ 65 ਮਿੰਟ ਤਕ ਭਾਸ਼ਣ ਦਿੱਤਾ ਤੇ ਕੋਰੋਨਾ ਨੂੰ ਲੈ ਕੇ ਇਕ ਹੀ ਗੱਲ ਆਖੀ ਕਿ ਉਹ ਹੁਣ ਵਧੇਰੇ ਤਾਕਤਵਰ ਮਹਿਸੂਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਟਰੰਪ ਨੇ ਪਹਿਲਾਂ 4 ਸੂਬਿਆਂ ਵਿਚ ਪ੍ਰਚਾਰ ਕਰਨ ਦੀ ਯੋਜਨਾ ਬਣਾਈ ਹੈ। ਇਸ ਵਿਚੋਂ ਇਕ ਫਲੋਰੀਡਾ ਵੀ ਹੈ। ਅਗਲੇ 4 ਦਿਨਾਂ ਤੱਕ ਉਹ ਵੱਖ-ਵੱਖ ਸੂਬਿਆਂ ਵਿਚ ਚੋਣ ਪ੍ਰਚਾਰ ਕਰਨ ਲਈ ਜਾਣਗੇ।