ਨਿੱਕੀ ਹੇਲੀ ਦੇ ਅਸਤੀਫੇ ਮਗਰੋਂ ਟਰੰਪ ਨੇ ਬੰਨ੍ਹੇ ਤਰੀਫਾਂ ਦੇ ਪੁਲ

10/11/2018 11:46:50 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਅਹੁਦੇ ਤੋਂ ਅਸਤੀਫੇ ਦੇਣ ਵਾਲੀ ਨਿੱਕੀ ਹੇਲੀ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ ਹਨ। ਟਰੰਪ ਨੇ ਕਿਹਾ ਕਿ ਨਿੱਕੀ ਨਿੱਜੀ ਖੇਤਰ ਵਿਚ ਕੰਮ ਕਰ ਸਕਦੀ ਹੈ ਅਤੇ ਉਮੀਦ ਹੈ ਕਿ ਉਹ ਕਾਫੀ ਧਨ-ਦੌਲਤ ਕਮਾਏਗੀ। ਇੱਥੇ ਦੱਸਣਯੋਗ ਹੈ ਕਿ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਦੇ ਕਾਰਜਕਾਲ ਵਿਚ ਕੈਬਨਿਟ ਰੈਂਕ ਦੇ ਅਹੁਦੇ 'ਤੇ ਪਹੁੰਚਣ ਵਾਲੀ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਨਾਗਰਿਕ 46 ਸਾਲਾ ਨਿੱਕੀ ਹੇਲੀ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ, ਜਿਸ ਨੂੰ ਟਰੰਪ ਨੇ ਸਵੀਕਾਰ ਕਰ ਲਿਆ। 

ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਕਿਹਾ, ''ਨਿੱਕੀ ਸਾਲ ਦੇ ਅਖੀਰ ਤਕ ਇੱਥੇ ਰਹੇਗੀ। ਨਿੱਕੀ ਸਾਡੀ ਦੋਸਤ ਹੈ, ਉਹ ਕਾਫੀ ਚੰਗੀ ਹੈ। ਮੈਂ ਚਾਹੁੰਦਾ ਹਾਂ ਕਿ ਇਸ ਤੋਂ ਪਹਿਲਾਂ ਨਿੱਕੀ ਚੱਲੀ ਜਾਵੇ ਅਤੇ ਨੌਕਰੀ ਕਰ ਕੇ ਸਾਰੇ ਲੋਕ ਉਸ ਨਾਲ ਚੰਗਾ ਸਮਾਂ ਬਿਤਾਉਣ। ਉਮੀਦ ਹੈ ਕਿ ਉਹ ਕਾਫੀ ਧਨ-ਦੌਲਤ ਕਮਾਏਗੀ। ਮੈਨੂੰ ਲੱਗਦਾ ਹੈ ਕਿ ਨਿੱਕੀ ਕਿਸੀ ਹੋਰ ਭੂਮਿਕਾ ਵਿਚ ਵਾਪਸੀ ਕਰੇਗੀ ਪਰ ਉਹ ਅਸਾਧਾਰਣ ਇਨਸਾਨ ਹੈ, ਚੰਗੀ ਇਨਸਾਨ ਹੈ। 

ਓਧਰ ਹੇਲੀ ਨੇ ਕਿਹਾ ਕਿ ਉਹ ਜਨਤਕ ਜੀਵਨ ਵਿਚ ਇਕ ਦਹਾਕੇ ਤੋਂ ਜ਼ਿਆਦਾ ਸਮਾਂ ਬਿਤਾਉਣ ਮਗਰੋਂ ਵਿਰਾਮ ਲੈ ਰਹੀ ਹੈ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹੇਲੀ ਦੀ ਥਾਂ 'ਤੇ 4-5 ਲੋਕਾਂ ਦੇ ਨਾਵਾਂ 'ਤੇ ਵਿਚਾਰ ਕਰ ਰਹੇ ਹਨ। ਇਨ੍ਹਾਂ ਵਿਚੋਂ ਇਕ ਟਰੰਪ ਦੀ ਸਾਬਕਾ ਉੱਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਡੀਨਾ ਪਾਵੇਲ ਵੀ ਸ਼ਾਮਲ ਹੈ।


Related News