ਵ੍ਹਾਈਟ ਹਾਊਸ ਨੇ ਟਰੰਪ ਦੇ ਅੱਤਵਾਦ ਰੋਕੂ ਕੋਸ਼ਿਸ਼ਾਂ ਦੀ ਕੀਤੀ ਤਰੀਫ
Wednesday, Mar 14, 2018 - 01:39 PM (IST)

ਵਾਸ਼ਿੰਗਟਨ (ਭਾਸ਼ਾ)— ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸਲਾਮਿਕ ਸਟੇਟ ਨੂੰ ਮਾਤ ਦੇਣ ਅਤੇ ਦੁਨੀਆ 'ਚ ਅੱਤਵਾਦ ਦਾ ਮੁਕਾਬਲਾ ਕਰਨ 'ਚ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਰਾਸ਼ਟਰਪਤੀ ਦਫਤਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਸਹਾਇਤਾ ਰੋਕ ਕੇ ਟਰੰਪ ਨੇ ਅਮਰੀਕੀ ਸਹਿਯੋਗੀਆਂ ਸਾਹਮਣੇ ਇਕ ਅਜਿਹੀ ਉਦਾਹਰਣ ਪੇਸ਼ ਕੀਤੀ ਹੈ ਕਿ ਅੱਤਵਾਦ ਦਾ ਸਹਿਯੋਗ ਕਰਨ ਵਾਲਾ ਸਾਡਾ ਮਿੱਤਰ ਨਹੀਂ ਰਹਿ ਸਕਦਾ। ਵ੍ਹਾਈਟ ਹਾਊਸ ਨੇ ਕੱਲ ਜਾਰੀ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਨੂੰ ਹਰਾਉਣ ਅਤੇ ਦੁਨੀਆ ਭਰ ਵਿਚ ਅੱਤਵਾਦ ਦਾ ਮੁਕਾਬਲਾ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ 'ਚ ਜ਼ਬਰਦਸਤ ਸਫਲਤਾ ਹਾਸਲ ਕੀਤੀ ਹੈ।
ਵ੍ਹਾਈਟ ਹਾਊਸ ਨੇ ਕਿਹਾ ਕਿ ਅੱਤਵਾਦੀ ਸਮੂਹ ਆਈ. ਐੱਸ. ਆਈ. ਐੱਸ. ਤੋਂ ਆਜ਼ਾਦ ਕਰਵਾਏ ਗਏ ਖੇਤਰ ਦਾ 50 ਫੀਸਦੀ ਤੋਂ ਜ਼ਿਆਦਾ ਹਿੱਸਾ ਟਰੰਪ ਪ੍ਰਸ਼ਾਸਨ ਤਹਿਤ ਆਜ਼ਾਦ ਹੋਇਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਟਰੰਪ ਆਈ. ਐੱਸ. ਆਈ. ਐੱਸ. ਨੂੰ ਤਬਾਹ ਕਰਨ ਲਈ ਵਚਨਬੱਧ ਹੈ ਅਤੇ ਵੈਸ਼ਵਿਕ ਸੰਗਠਨ ਇਨ੍ਹਾਂ ਅੱਤਵਾਦੀਆਂ ਨੂੰ ਲੱਭ-ਲੱਭ ਕੇ ਮਾਰੇਗਾ। ਵ੍ਹਾਈਟ ਹਾਊਸ ਨੇ ਕਿਹਾ ਕਿ ਪਾਕਿਸਤਾਨ ਦੀ ਸੁਰੱਖਿਆ ਸਹਾਇਤਾ ਰੋਕ ਕੇ ਟਰੰਪ ਨੇ ਅਮਰੀਕਾ ਤੋਂ ਵਿਦੇਸ਼ੀ ਮਦਦ ਪ੍ਰਾਪਤ ਕਰਨ ਵਾਲਿਆਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਅਮਰੀਕਾ ਉਨ੍ਹਾਂ ਤੋਂ ਉਮੀਦ ਕਰਦਾ ਹੈ ਕਿ ਉਹ ਅੱਤਵਾਦ ਦਾ ਮੁਕਾਬਲਾ ਕਰਨ 'ਚ ਉਸ ਦਾ ਪੂਰੀ ਤਰ੍ਹਾਂ ਸਾਥ ਦੇਣਗੇ। ਇਕ ਬਿਆਨ ਮੁਤਾਬਕ ਸਾਊਦੀ ਅਰਬ ਦੇ ਰਿਆਦ ਵਿਚ ਰਾਸ਼ਟਰਪਤੀ ਟਰੰਪ ਨੇ ਮੁਸਲਿਮ ਬਹੁਲ 50 ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਅੱਤਵਾਦ ਨਾਲ ਮੁਕਾਬਲਾ ਕਰਨ ਲਈ ਹੋਰ ਵਧ ਕੋਸ਼ਿਸ਼ਾਂ ਕਰਨ ਨੂੰ ਕਿਹਾ।