ਲੇਬਨਾਨ ਧਮਾਕੇ ਇਕ ਭਿਆਨਕ ਹਮਲੇ ਦੀ ਤਰ੍ਹਾਂ ਲੱਗਦੇ ਹਨ : ਟਰੰਪ
Wednesday, Aug 05, 2020 - 06:25 PM (IST)
ਵਾਸ਼ਿੰਗਟਨ (ਬਿਊਰੋ): ਲੇਬਨਾਨ ਦੀ ਰਾਜਧਾਨੀ ਬੇਰੁੱਤ ਵਿਚ ਮੰਗਲਵਾਰ ਨੂੰ ਹੋਏ ਭਿਆਨਕ ਧਮਾਕੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਸ ਹਮਲੇ ਦੇ ਬਾਅਦ ਟਰੰਪ ਨੇ ਕਿਹਾ ਕਿ ਅਮਰੀਕੀ ਜਨਰਲਾਂ ਨੇ ਉਹਨਾਂ ਨੂੰ ਦੱਸਿਆ ਕਿ ਬੇਰੁੱਤ ਵਿਚ ਜਿਹੜੇ ਸ਼ਕਤੀਸ਼ਾਲੀ ਧਮਾਕੇ ਹੋਏ, ਉਹ ਕਿਸੇ ਤਰ੍ਹਾਂ ਦੇ ਬੰਬ ਦੇ ਕਾਰਨ ਹੋਏ ਹਨ। ਇਹਨਾਂ ਵਿਚ ਵੱਡੀ ਗਿਣਤੀ ਵਿਚ ਲੋਕ ਮਰੇ ਅਤੇ ਜ਼ਖਮੀ ਹੋਏ ਹਨ। ਧਮਾਕੇ ਨਾਲ ਰਾਜਧਾਨੀ ਦੇ ਕਈ ਹਿੱਸੇ ਹਿੱਲ ਗਏ। ਸਥਾਨਕ ਵਸਨੀਕਾਂ ਮੁਤਾਬਕ ਧਮਾਕੇ ਇੰਨੇ ਤੇਜ਼ ਸਨ ਕਿ ਘਰਾਂ ਦੀਆਂ ਖਿੜਕੀਆਂ ਅਤੇ ਫਾਲਸ ਸੀਲਿੰਗ ਟੁੱਟ ਗਈ। ਇਸ ਭਿਆਨਕ ਧਮਾਕੇ ਵਿਚ 70 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਅਤੇ 4000 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਉੱਥੇ
ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,''ਇਹ ਇਕ ਭਿਆਨਕ ਹਮਲੇ ਦੀ ਤਰ੍ਹਾਂ ਦਿਸਦਾ ਹੈ।'' ਟਰੰਪ ਨੇ ਅੱਗੇ ਕਿਹਾ ਕਿ ਇਹ ਕਿਸੇ ਤਰ੍ਹਾਂ ਦੇ ਨਿਰਮਾਣ ਦੇ ਦੌਰਾਨ ਪਰੀਖਣ ਦੇ ਲਈ ਕੀਤੇ ਗਏ ਧਮਾਕੇ ਦੀ ਘਟਨਾ ਨਹੀਂ ਸੀ। ਟਰੰਪ ਮੁਤਾਬਕ ਉਹ ਮੇਰੇ ਤੋਂ ਬਿਹਤਰ ਜਾਣਦੇ ਹੋਣਗੇ ਪਰ ਮੈਨੂੰ ਅਜਿਹਾ ਲੱਗਦਾ ਹੈ ਕਿ ਇਹ ਇਕ ਹਮਲਾ ਸੀ। ਇਹ ਕਿਸੇ ਤਰ੍ਹਾਂ ਦਾ ਬੰਬ ਸੀ। ਟਰੰਪ ਨੇ ਕਿਹਾ ਕਿ ਲੇਬਨਾਨੀ ਅਧਿਕਾਰੀਆਂ ਨੇ ਉਹਨਾਂ ਧਮਾਕਿਆਂ ਦਾ ਵਰਣਨ ਨਹੀਂ ਕੀਤਾ ਹੈ ਜਿਹਨਾਂ ਨੇ ਰਾਜਧਾਨੀ ਨੂੰ ਹਮਲੇ ਦੇ ਰੂਪ ਵਿਚ ਹਿਲਾਇਆ ਸੀ।
ਪੜ੍ਹੋ ਇਹ ਅਹਿਮ ਖਬਰ- ਭਾਰਤ 'ਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ ਅਮਰੀਕਾ : ਰਿਪੋਰਟ
ਲੇਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਯਾਬ ਨੇ ਕਿਹਾ ਕਿ ਧਮਾਕੇ ਵਿਚ ਵਿਸਫੋਟਕ ਦੇ ਰੂਪ ਵਿਚ 2,750 ਟਨ ਅਮੋਨੀਅਮ ਨਾਈਟ੍ਰੇਟ ਦੀ ਵਰਤੋਂ ਕੀਤੀ ਗਈ ਹੈ। ਇਹ ਬੇਰੁੱਤ ਬੰਦਰਗਾਹ ਦੇ ਗੋਦਾਮ ਵਿਚ ਸਾਲਾਂ ਤੋਂ ਜਮਾਂ ਸੀ। ਦਿਯਾਬ ਨੇ ਕਿਹਾ,''ਅੱਜ ਜੋ ਵੀ ਹੋਇਆ ਉਹ ਜਵਾਬਦੇਹੀ ਦੇ ਬਿਨਾਂ ਨਹੀਂ ਹੋਵੇਗਾ। ਇਸ ਤਬਾਹੀ ਦੇ ਲਈ ਜ਼ਿੰਮੇਵਾਰ ਲੋਕ ਕੀਮਤ ਚੁਕਾਉਣਗੇ।'' ਸੁਰੱਖਿਆ ਪ੍ਰਮੁੱਖ ਜਨਰਲ ਅੱਬਾਸ ਇਬਰਾਹੀਮ ਨੇ ਕਿਹਾ ਕਿ ਜ਼ਿਆਦਾਤਰ ਵਿਸਫੋਟਕ ਸਮੱਗਰੀ ਜਿਸ ਨੂੰ ਸਾਲਾਂ ਪਹਿਲਾਂ ਜ਼ਬਤ ਕੀਤਾ ਗਿਆ ਸੀ ਇਕ ਗੋਦਾਮ ਵਿਚ ਰੱਖੀ ਹੋਈ ਸੀ। ਲੇਬਨਾਨ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਵਿਆਪਕ ਹਿੱਸਿਆਂ ਵਿਚ ਘੱਟੋ-ਘੱਟ 73 ਲੋਕ ਮਾਰੇ ਗਏ ਹਨ ਅਤੇ 3,800 ਲੋਕ ਜ਼ਖਮੀ ਹੋਏ ਹਨ।
ਟਰੰਪ ਦੀਆਂ ਟਿੱਪਣੀਆਂ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਪੇਂਟਾਗਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਡੇ ਕੋਲ ਤੁਹਾਨੂੰ ਦੱਸਣ ਲਈ ਕੋਈ ਜਾਣਕਾਰੀ ਨਹੀਂ ਹੈ। ਤੁਹਾਨੂੰ ਸਪੱਸ਼ਟੀਕਰਨ ਲਈ ਵ੍ਹਾਈਟ ਹਾਊਸ ਤੱਕ ਪਹੁੰਚਣਾ ਹੋਵੇਗਾ। ਟਰੰਪ ਨੇ ਲੇਬਨਾਨ ਨੂੰ ਅਮਰੀਕੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਟਰੰਪ ਨੇ ਕਿਹਾ ਕਿ ਅਸੀਂ ਸਾਰੇ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ। ਉੱਥੇ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਵੀ ਬੇਰੁੱਤ ਧਮਾਕੇ 'ਤੇ ਪ੍ਰਤੀਕਿਰਿਆ ਜ਼ਾਹਰ ਕੀਤੀ ਪਰ ਇਸ ਨੂੰ ਇਕ ਹਮਲੇ ਦੇ ਤੌਰ 'ਤੇ ਨਹੀਂ ਦੱਸਿਆ ਹੈ। ਬਿਡੇਨ ਨੇ ਇਕ ਟਵੀਟ ਵਿਚ ਕਿਹਾ,''ਸਾਡਾ ਦਿਲ ਅਤੇ ਪ੍ਰਾਰਥਨਾ ਲੇਬਨਾਨ ਦੇ ਲੋਕਾਂ ਅਤੇ ਬੇਰੁੱਤ ਵਿਚ ਭਿਆਨਕ ਹਮਲੇ ਦੇ ਸ਼ਿਕਾਰ ਲੋਕਾਂ ਦੇ ਨਾਲ ਹੈ।'' ਉਹਨਾਂ ਨੇ ਕਿਹਾ ਕਿ ਮੈਂ ਟਰੰਪ ਪ੍ਰਸ਼ਾਸਨ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੋਹਾਂ ਨੂੰ ਧਮਾਕੇ ਵਿਚ ਜ਼ਖਮੀ ਹੋਏ ਹਜ਼ਾਰਾਂ ਲੋਕਾਂ ਦੀ ਤੁਰੰਤ ਮਦਦ ਕਰਨ ਦੀ ਅਪੀਲ ਕਰਦਾ ਹਾਂ।