ਕੋਰੋਨਾ ''ਤੇ ਬ੍ਰਿਟੇਨ ਦੀ ਚੀਨ ਨੂੰ ਧਮਕੀ, ਕਿਹਾ- ''ਹਰ ਹਾਲ ਵਿਚ ਦੇਣੇ ਪੈਣਗੇ ਸਵਾਲਾਂ ਦੇ ਜਵਾਬ''

04/18/2020 2:39:44 PM

ਲੰਡਨ- ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿਚ ਤਬਾਹੀ ਮਚਾਈ ਹੋਈ ਹੈ । ਮੀਡੀਆ ਰਿਪੋਰਟ ਮੁਤਾਬਕ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਨੇ ਚੀਨ ਦੇ ਮੁਕਾਬਲੇ ਅਮਰੀਕਾ, ਬ੍ਰਿਟੇਨ, ਇਟਲੀ ਅਤੇ ਸਪੇਨ ਵਰਗੇ ਦੇਸ਼ਾਂ ਵਿਚ ਬਹੁਤ ਜ਼ਿਆਦਾ ਤਬਾਹੀ ਮਚਾਈ ਹੈ। ਬ੍ਰਿਟੇਨ ਦੇ ਵਿਦੇਸ਼ ਸਕੱਤਰ ਡੋਮੀਨਿਕ ਰਾਬ ਨੇ ਚੀਨ ਨੂੰ ਧਮਕੀ ਦਿੱਤੀ ਹੈ ਕਿ ਉਸ ਨੂੰ ਕੁਝ ਮੁਸ਼ਕਲ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਚੀਨ ਨੂੰ ਇਹ ਦੱਸਣਾ ਹੀ ਪਵੇਗਾ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਕਿਵੇਂ ਹੋਈ। 

ਚੀਨ ਦੇ ਕੋਰੋਨਾ ਨੂੰ ਲੈ ਕੇ ਰਹੱਸਮਈ ਰਵੱਈਏ 'ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਮਹਾਮਾਰੀ ਮਗਰੋਂ ਚੀਨ ਨਾਲ ਸਾਡੇ ਰਿਸ਼ਤੇ ਦੋਬਾਰਾ ਪਹਿਲਾਂ ਵਰਗੇ ਨਹੀਂ ਰਹਿਣਗੇ। ਪੱਤਕਾਰਾਂ ਨੂੰ ਰਾਬ ਨੇ ਕਿਹਾ ਕਿ ਇਸ ਸੰਕਟ ਦੀ ਗਹਿਰਾਈ ਦੇ ਨਾਲ-ਨਾਲ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿਚ ਚੀਨ ਵਿਚ ਕੀ-ਕੀ ਹੋਇਆ। ਇਹ ਵਾਇਰਸ ਕਿਵੇਂ ਫੈਲਿਆ ਇਸ ਸਬੰਧੀ ਵੀ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦੀ ਸਮੀਖਿਆ ਵਿਗਿਆਨ ਆਧਾਰਤ ਸੰਤੁਲਿਤ ਤਰੀਕੇ ਨਾਲ ਹੋਣੀ ਚਾਹੀਦੀ ਹੈ। ਚੀਨ ਨੂੰ ਹਰ ਹਾਲ ਵਿਚ ਜਵਾਬ ਦੇਣੇ ਪੈਣਗੇ।

ਜ਼ਿਕਰਯੋਗ ਹੈ ਕਿ ਦੁਨੀਆ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ 1 ਲੱਖ 50 ਹਜ਼ਾਰ ਤੋਂ ਪਾਰ ਹੋ ਗਿਆ ਹੈ। ਇਸ ਦੇ ਨਾਲ ਹੀ ਕੋਰੋਨਾ ਪੀੜਤਾਂ ਦੀ ਗਿਣਤੀ 22 ਲੱਖ ਤੋਂ ਪਾਰ ਹੋ ਗਈ ਹੈ। ਯੂ. ਕੇ. ਵਿਚ 14 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਲੱਖ ਤੋਂ ਵੱਧ ਲੋਕ ਕੋਰੋਨਾ ਪੀੜਤ ਹਨ। ਅਮਰੀਕਾ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 37 ਹਜ਼ਾਰ ਤੋਂ ਪਾਰ ਹੋ ਗਈ ਹੈ। ਸਪੇਨ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1 ਲੱਖ 82 ਹਜ਼ਾਰ ਤੋਂ ਪਾਰ ਹੋ ਗਈ ਹੈ। 


Lalita Mam

Content Editor

Related News