ਪਾਕਿ 'ਚ ਗੈਰ ਟੀਕਾਕਰਨ ਵਾਲੇ ਲੋਕਾਂ ਨੂੰ ਘਰੇਲੂ ਹਵਾਈ ਯਾਤਰਾ ਦੀ ਇਜਾਜ਼ਤ ਨਹੀਂ
Sunday, Jul 25, 2021 - 11:45 AM (IST)
ਇਸਲਾਮਾਬਾਦ (ਵਾਰਤਾ): ਪਾਕਿਸਤਾਨ ਨੇ 18 ਸਾਲ ਅਤੇ ਇਸ ਤੋਂ ਵੱਧ ਉਮਰ ਵਰਗ ਦੇ ਗੈਰ ਟੀਕਾਕਰਨ ਵਾਲੇ ਲੋਕਾਂ ਦੀ ਘਰੇਲੂ ਹਵਾਈ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ। ਪਾਕਿਸਤਾਨੀ ਅਖ਼ਬਾਰ ਡਾਨ ਨੇ ਨੈਸ਼ਨਲ ਕਮਾਡ ਐਂਡ ਆਪਰੇਸ਼ਨ ਸੈਂਟਰ (ਐੱਨ.ਸੀ.ਓ.ਸੀ.) ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।
ਰਿਪੋਰਟ ਮੁਤਾਬਕ ਪਾਕਿਸਤਾਨ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ 1 ਅਗਸਤ ਤੋਂ 18 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਕਿਸੇ ਵੀ ਗੈਰ ਟੀਕਾਕਰਨ ਵਾਲੇ ਨਾਗਰਿਕ ਨੂੰ ਘਰੇਲੂ ਹਵਾਈ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਾਵੇਂਕਿ ਪਾਕਿਸਤਾਨ ਤੋਂ ਵਿਦੇਸ਼ ਜਾਣ ਵਾਲਿਆਂ ਜਾਂ ਹੋਰ ਦੇਸ਼ਾਂ ਤੋਂ ਇੱਥੇ ਆਉਣ ਵਾਲਿਆਂ ਯਾਤਰੀਆਂ ਨੂੰ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ। ਹੋਰ ਮੀਡੀਆ ਰਿਪੋਰਟਾਂ ਮੁਤਾਬਕ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਪਾਕਿਸਤਾਨ, ਭਾਰਤ, ਬੰਗਲਾਦੇਸ਼ ਅਤੇ ਸ਼ੀਲੰਕਾ ਤੋਂ ਦੁਬਈ ਲਈ ਉਡਾਣਾਂ ਦੀ ਮੁਅੱਤਲੀ ਦੀ ਮਿਆਦ 28 ਜੁਲਾਈ ਤੱਕ ਵਧਾ ਦਿੱਤੀ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਪਾਕਿਸਤਾਨ 'ਚ ਮਾਮਲੇ 10 ਲੱਖ ਦੇ ਪਾਰ
ਅਮੀਰਾਤ ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਜਿਹੜੇ ਯਾਤਰੀਆਂ ਨੇ ਪਿਛਲੇ 14 ਦਿਨਾਂ ਦੇ ਅੰਦਰ ਇਹਨਾਂ ਚਾਰ ਦੇਸ਼ਾਂ ਦੀ ਯਾਤਰਾ ਕੀਤੀ ਹੈ, ਉਹਨਾਂ ਨੂੰ ਯੂ.ਏ.ਈ. ਦੀ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉੱਥੇ ਯੂ.ਏ.ਈ. ਨਾਗਰਿਕ, ਯੂ.ਏ.ਈ ਗੋਲਡਨ ਵੀਜ਼ਾ ਧਾਰਕ ਅਤੇ ਡਿਪਲੋਮੈਟਿਕ ਮਿਸ਼ਨ ਦੇ ਮੈਂਬਰ ਜਿਹੜੇ ਤਾਜ਼ਾ ਕੋਵਿਡ-19 ਪ੍ਰੋਟੋਕਾਲ ਦਾ ਪਾਲਣ ਕਰਦੇ ਹਨ ਉਹਨਾਂ ਨੂੰ ਇੱਥੋਂ ਦੀ ਯਾਤਰਾ ਲਈ ਛੋਟ ਦਿੱਤੀ ਗਈ ਹੈ।