ਕੈਨੇਡਾ ਸਰਕਾਰ ਸਕੂਲਾਂ ਨੂੰ ਦੇਵੇਗੀ 2 ਬਿਲੀਅਨ ਡਾਲਰ ਦਾ ਫੰਡ, ਵਧੇਗੀ ਬੱਚਿਆਂ ਦੀ ਸੁਰੱਖਿਆ

Thursday, Aug 27, 2020 - 10:05 AM (IST)

ਕੈਨੇਡਾ ਸਰਕਾਰ ਸਕੂਲਾਂ ਨੂੰ ਦੇਵੇਗੀ 2 ਬਿਲੀਅਨ ਡਾਲਰ ਦਾ ਫੰਡ, ਵਧੇਗੀ ਬੱਚਿਆਂ ਦੀ ਸੁਰੱਖਿਆ

ਓਟਾਵਾ- ਕੋਰੋਨਾ ਵਾਇਰਸ ਕਾਰਨ ਬੰਦ ਪਏ ਸਕੂਲਾਂ ਨੂੰ ਮੁੜ ਖੋਲ੍ਹਣ ਲਈ ਕੈਨੇਡਾ ਵਿਚ ਜੱਦੋ-ਜਹਿਦ ਚੱਲ ਰਹੀ ਹੈ। ਅਜਿਹੇ ਮਾਹੌਲ ਵਿਚ ਮਾਪਿਆਂ ਨੂੰ ਬੱਚਿਆਂ ਦੀ ਸੁਰੱਖਿਆ ਦੀ ਬਹੁਤ ਚਿੰਤਾ ਹੈ। ਇਸ ਗੱਲ ਨੂੰ ਮੁੱਖ ਰੱਖਦਿਆਂ ਕੈਨੇਡਾ ਸਰਕਾਰ ਨੇ ਸਕੂਲਾਂ ਨੂੰ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੀਆਂ ਟੈਰੇਟਰੀਜ਼ ਅਤੇ ਸੂਬਿਆਂ ਦੇ ਸਕੂਲਾਂ ਨੂੰ 2 ਬਿਲੀਅਨ ਡਾਲਰ ਦਾ ਫੰਡ ਦੇਣ ਦਾ ਫੈਸਲਾ ਕੀਤਾ ਹੈ। 

ਦੱਸਿਆ ਜਾ ਰਿਹਾ ਹੈ ਕਿ ਸਕੂਲਾਂ ਵਾਸਤੇ ਇਹ ਫ਼ੰਡ ਦੋ ਕਿਸ਼ਤਾਂ ਵਿਚ ਦਿੱਤਾ ਜਾਵੇਗਾ। ਇਸ ਵਿਚੋਂ 1 ਬਿਲੀਅਨ ਡਾਲਰ ਫੰਡ ਹੁਣ ਦਿੱਤਾ ਜਾਵੇਗਾ ਤਾਂ ਕਿ ਸਤੰਬਰ ਵਿਚ ਖੁੱਲ੍ਹਣ ਵਾਲੇ ਸਕੂਲਾਂ ਦੀ ਮੁਰੰਮਤ ਤੇ ਸੁਰੱਖਿਆ ਉਪਕਰਣਾਂ ਦੀ ਪੂਰਤੀ ਕੀਤੀ ਜਾ ਸਕੇ। ਇਸ ਦੇ ਇਲਾਵਾ ਬਾਕੀ ਦਾ 1 ਬਿਲੀਅਨ ਡਾਲਰ ਦਾ ਫੰਡ ਸਕੂਲਾਂ ਨੂੰ ਜਨਵਰੀ ਮਹੀਨੇ ਮਿਲੇਗਾ। 

ਸਿਹਤ ਮਾਹਰਾਂ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਮਹਾਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲਾਂ ਵਿੱਚ ਕਲਾਸਾਂ ਦਾ ਆਕਾਰ ਘੱਟ ਕੀਤਾ ਜਾਵੇ ਭਾਵ ਇੱਕ ਕਲਾਸ ਵਿਚ ਵੱਧ ਤੋਂ ਵੱਧ 15 ਵਿਦਿਆਰਥੀ ਹੋਣ। ਇਸ ਤੋਂ ਇਲਾਵਾ ਸਮਾਜਕ ਦੂਰੀ ਦਾ ਖਾਸ ਧਿਆਨ ਰੱਖਣ ਦੇ ਨਾਲ-ਨਾਲ ਮਾਸਕ ਪਾਉਣਾ ਵੀ ਲਾਜ਼ਮੀ ਕੀਤਾ ਜਾਵੇ। ਓਂਟਾਰੀਓ ਦੇ ਸਿੱਖਿਆ ਮੰਤਰੀ ਸਟੀਫ਼ਨ ਲੈਸੇ ਨੇ ਕਿਹਾ ਕਿ ਵੈਂਟੀਲੇਸ਼ਨ ਖੇਤਰ ਵਿਚ ਸੂਬਾ ਸਰਕਾਰ ਨੇ ਹਾਲ ਹੀ ਵਿਚ 50 ਮਿਲੀਅਨ ਡਾਲਰ ਦੀ ਵਧੀਕ ਮਦਦ ਦੇਣ ਦਾ ਐਲਾਨ ਕੀਤਾ ਸੀ। ਸਕੂਲ ਬੋਰਡਾਂ ਨੂੰ ਹਦਾਇਤਾਂ ਦਿੱਤੀ ਜਾ ਰਹੀ ਹੈ ਕਿ ਉਹ ਪੁਰਾਣੀਆਂ ਸਕੂਲੀ ਇਮਾਰਤਾਂ ਦੀ ਚੰਗੀ ਤਰ੍ਹਾਂ ਮੁਰੰਮਤ ਕਰਵਾਉਣ । ਸੂਤਰਾਂ ਮੁਤਾਬਕ ਕੁਝ ਸਕੂਲ ਇਸ ਹਫਤੇ ਖੋਲ੍ਹਣ ਅਤੇ ਕੁਝ ਸਕੂਲਾਂ ਨੂੰ ਅਗਲੇ ਹਫਤੇ ਖੋਲ੍ਹਣ ਲਈ ਤਿਆਰੀ ਕੀਤੀ ਜਾ ਰਹੀ ਹੈ।
 ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸੂਬਾ ਤੇ ਟੈਰੇਟਰੀ ਨੇਤਾਵਾਂ ਨੂੰ ਇਹ ਆਜ਼ਾਦੀ ਹੋਵੇਗੀ ਕਿ ਉਹ ਸੰਘੀ ਸਰਕਾਰ ਵੱਲੋਂ ਸਕੂਲਾਂ ਨੂੰ ਅਲਾਟ ਕੀਤੇ ਗਏ ਫੰਡ ਦੀ ਵਰਤੋਂ ਆਪਣੇ ਹਿਸਾਬ ਨਾਲ ਕਰ ਸਕਣਗੇ। ਉਨ੍ਹਾਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਤਵੱਜੋ ਦੇਣ ਦੀ ਅਪੀਲ ਕੀਤੀ ਹੈ। 

ਦੱਸ ਦਈਏ ਕਿ ਬਹੁਤ ਸਾਰੇ ਮਾਪੇ ਅਜੇ ਵੀ ਦੁਚਿੱਤੀ ਵਿਚ ਹਨ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਜਾਂ ਨਾ ਪਰ ਕਈ ਮਾਪਿਆਂ ਦਾ ਮੰਨਣਾ ਹੈ ਕਿ ਜੇਕਰ ਬੱਚਿਆਂ ਨੂੰ ਸੁਰੱਖਿਆ ਦਿੱਤੀ ਜਾਵੇ ਤਾਂ ਉਨ੍ਹਾਂ ਨੂੰ ਸਕੂਲ ਜਾ ਕੇ ਪੜ੍ਹਾਈ ਕਰਨ ਵਿਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ। 


author

Lalita Mam

Content Editor

Related News