ਜਰਮਨ ''ਚ ਦੀਵਾਲੀ ਫੈਸਟੀਵਲ ''ਤੇ ਲੱਗੀਆਂ ਭਾਰੀ ਰੌਣਕਾਂ
Tuesday, Nov 09, 2021 - 02:44 PM (IST)
ਮਿਲਾਨ/ਇਟਲੀ (ਸਾਬੀ ਚੀਨੀਆ)- ਜਰਮਨ ਵਿਚ ਵੱਸਦੇ ਭਾਰਤੀਆਂ ਵੱਲੋਂ ਦੀਵਾਲੀ ਫੈਸਟੀਵਲ ਦੇ ਨਾਂ 'ਤੇ ਕਰਵਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਉਘੇ ਸਮਾਜ ਸੇਵੀ ਸ੍ਰੀ ਰਾਜ ਸ਼ਰਮਾ, ਪ੍ਰਮੋਦ ਕੁਮਾਰ ਮਿੰਟੂ, ਰਾਜੀਵ ਬੇਰੀ, ਮਦਨ ਮੱਦੀ ਆਦਿ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਕਰੋਪ ਤੋਂ ਬਾਅਦ ਜਰਮਨ ਦੀ ਧਰਤੀ 'ਤੇ ਕਰਾਇਆ ਗਿਆ ਇਹ ਦੀਵਾਲੀ ਫੈਸਟੀਵਲ ਸਭ ਤੋਂ ਵੱਡਾ ਅਤੇ ਯਾਦਗਾਰੀ ਮੇਲਾ ਹੋ ਨਿੱਬੜਿਆ।
ਇਸ ਮੇਲੇ ਵਿਚ ਸ਼ਾਮਲ ਔਰਤਾਂ, ਬੱਚਿਆਂ ਨੇ ਪੰਜਾਬੀ ਗੀਤਾਂ 'ਤੇ ਭੰਗੜਾ ਪਾਇਆ ਅਤੇ ਦੀਵਾਲੀ ਫੈਸਟੀਵਲ ਦਾ ਖ਼ੂਬ ਆਨੰਦ ਮਾਣਿਆ। ਦੱਸਣਯੋਗ ਹੈ ਕਿ ਯੂਰਪ ਵਿਚ ਰਹਿੰਦੇ ਪੰਜਾਬੀਆਂ ਨੂੰ ਕੋਰੋਨਾ ਮਹਾਮਾਰੀ ਤੋਂ ਮਿਲੀ ਢਿੱਲ ਤੋਂ ਬਾਅਦ ਇਕ ਵਾਰ ਫਿਰ ਸੱਭਿਆਚਾਰਕ ਮੇਲੇ ਕਰਵਾਉਣੇ ਸ਼ੁਰੂ ਕੀਤੇ ਗਏ ਹਨ। ਇਸ ਦੀਵਾਲੀ ਫੈਸਟੀਵਲ ਨੂੰ ਹੈਮਬਰਗ ਸ਼ਹਿਰ ਅਤੇ ਇਸ ਦੇ ਆਸ-ਪਾਸ ਵਸਦੇ ਸਮੂਹ ਭਾਰਤੀਆਂ ਵੱਲੋਂ ਵੱਡੇ ਪੱਧਰ 'ਤੇ ਹੁੰਗਾਰਾ ਦਿੱਤਾ ਗਿਆ। ਇਸ ਮੌਕੇ 'ਤੇ ਪ੍ਰਬੰਧਕਾਂ ਵੱਲੋਂ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਦੀਵਾਲੀ ਫੈਸਟੀਵਲ ਵਿਚ ਪਹੁੰਚਣ ਵਾਲੇ ਸਾਰੇ ਭਾਰਤੀਆਂ ਦਾ ਪ੍ਰਬੰਧਕ ਕਮੇਟੀ ਨੇ ਧੰਨਵਾਦ ਕੀਤਾ।