ਬ੍ਰਿਸਬੇਨ 'ਚ 'ਦੀਵਾਲੀ ਮੇਲਾ' ਸ਼ਾਨੋ-ਸ਼ੌਕਤ ਨਾਲ ਸੰਪੰਨ (ਤਸਵੀਰਾਂ)
Tuesday, Nov 02, 2021 - 02:55 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਦੇਸੀ ਰੌਕਸ ਵਲੋਂ ਅਮੈਰੀਕਨ ਕਾਲਜ ਤੇ ਐਜੂਕੇਸ਼ਨ ਅੰਬੈਂਸੀ ਦੇ ਸਹਿਯੋਗ ਨਾਲ ਸੂਬਾ ਕੁਈਨਜ਼ਲੈਂਡ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ ਭਾਰਤੀ ਸਮਾਜ ਵਿੱਚ ਭਾਈਚਾਰਕ ਏਕਤਾ ਤੇ ਪਿਆਰ ਦਾ ਰੰਗ ਭਰਨ ਲਈ 'ਦੀਵਾਲੀ ਮੇਲਾ 2021’ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ।ਮੇਲੇ ਦੇ ਮੁੱਖ ਪ੍ਰਬੰਧਕ ਮਨਮੋਹਨ ਸਿੰਘ, ਹੈਰੀ ਤੇ ਲਵਲੀਨ ਨੇ ਸਥਾਨਕ ਮੀਡੀਏ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਦੀਵਾਲੀ ਮੇਲੇ ਵਿੱਚ ਦਰਸ਼ਕਾਂ ਨੂੰ ਹਰ ਭਾਰਤੀ ਰੰਗ ਵੇਖਣ ਅਤੇ ਮਾਨਣ ਦਾ ਮੌਕਾ ਮਿਲਿਆ, ਜਿਵੇਂ ਕਿ ਗੀਤ-ਸੰਗੀਤ, ਗਿੱਧਾ-ਭੰਗੜਾ, ਨਾਚ, ਸਕਿੱਟਾਂ, ਭੋਜਨ-ਸਟਾਲ, ਬੱਚਿਆਂ ਦੀਆਂ ਵੰਨਗੀਆਂ ਅਤੇ ਜਿਸ ‘ਚ ਖਾਸ ਤੌਰ 'ਤੇ ਪੰਜਾਬ ਤੇ ਭਾਰਤ ਦੇ ਵੱਖ-ਵੱਖ ਪ੍ਰਾਤਾਂ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਵੰਨਗੀਆਂ ਤੇ ਕਲਾਕ੍ਰਿਤੀਆਂ ਵਿਸ਼ੇਸ਼ ਤੌਰ 'ਤੇ ਖਿੱਚ ਦਾ ਕੇਂਦਰ ਰਹੀਆਂ।
ਡੀ. ਜੇ. ਜੇ. ਐੱਸ ਦੀ ਟੀਮ ਵੱਲੋਂ ਸ਼ਾਮ ਦੇ ਸਮੇਂ ਰਾਮ ਲੀਲਾ ਅਤੇ ਮੁਟਿਆਰਾਂ ਵਲੋਂ ਫੈਸ਼ਨ ਸ਼ੋਅ ਦੀ ਪੇਸ਼ਕਾਰੀ ਵੀ ਕੀਤੀ ਗਈ।ਇਸ ਮੌਕੇ ਮੁੱਖ ਮਹਿਮਾਨ ਜੋਅ ਕੈਲੀ ਡਿਪਟੀ ਸਪੀਕਰ ਕੁਈਨਜਲੈਂਡ ਪਾਰਲੀਮੈਂਟ, ਜੇਮਸ ਮਾਰਟਿਨ ਐੱਮ. ਪੀ ਤੇ ਡਾ. ਬਰਨਾਰਡ ਮਲਿਕ ਡਾਇਰੈਕਟਰ ਅਮੈਰੀਕਨ ਕਾਲਜ ਨੇ ਆਪਣੇ-ਆਪਣੇ ਸੰਬੋਧਨ 'ਚ ਕਿਹਾ ਕਿ ਕੋਰੋਨਾ ਮਹਾਮਾਰੀ ਦੀਆਂ ਪਾਬੰਦੀਆਂ ਉਪਰੰਤ ਲੋਕਾਂ ਦੀ ਤਣਾਅ ਭਰਪੂਰ ਜ਼ਿੰਦਗੀ 'ਚ ਖੁਸ਼ੀਆਂ ਖੇੜੇ ਦੇ ਰੰਗ ਭਰਨ ਲਈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਵਿੱਚ ਅਜਿਹੇ ਮੇਲੇ ਬਹੁਤ ਹੀ ਸਹਾਈ ਹੁੰਦੇ ਹਨ।
ਡਾ਼ ਬਰਨਾਰਡ ਮਲਿਕ ਨੇ ਅੱਗੇ ਕਿਹਾ ਕਿ ਭਾਰਤ ਦੀ ਵਿਰਾਸਤ ਵਿਲੱਖਣ ਰੰਗਾਂ ਅਤੇ ਅਮੀਰ ਕਦਰਾਂ-ਕੀਮਤਾਂ, ਰਵਾਇਤਾਂ ਨਾਲ ਭਰੀ ਹੋਈ ਹੈ, ਜੋ ਸਮਾਜ ਨੂੰ ਅਨੇਕਤਾ ਤੋਂ ਏਕਤਾ ਦੀ ਸਾਂਝ ਤੇ ਪਿਆਰ ਪੈਦਾ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਬੰਧਕ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਭਾਰਤ ਦਾ ਮੁੱਖ ਤਿਓਹਾਰ ਦਿਵਾਲੀ ਪ੍ਰਚੀਨ ਸੰਸਕ੍ਰਿਤੀ ਦੇ ਨਾਲ ਮਨੋਰੰਜਨ ਅਤੇ ਸੱਭਿਆਚਾਰ ਦਾ ਸੁਮੇਲ ਇਸ ਮੇਲੇ 'ਚ ਆਪਣੇ ਅਮੀਰ ਭਾਰਤੀ ਅਤੇ ਪੰਜਾਬੀ ਵਿਰਸੇ ਦੀ ਵਿਲੱਖਣ ਹੋਂਦ ਨੂੰ ਕਾਇਮ ਰੱਖਣ ਲਈ ਅਜਿਹੇ ਮੇਲਿਆ ਦਾ ਆਯੋਜਨ ਕਰਨਾ ਬਹੁਤ ਜਰੂਰੀ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਓਂਟਾਰੀਓ 'ਚ ‘ਹਿੰਦੂ ਵਿਰਾਸਤੀ ਮਹੀਨੇ’ ਦੇ ਜਸ਼ਨ ਸ਼ੁਰੂ (ਤਸਵੀਰਾਂ)
ਮੇਲੇ 'ਚ ਆਤਿਸ਼ਬਾਜੀ ਦਾ ਮਨਮੋਹਕ ਦ੍ਰਿਸ਼ ਵੀ ਖਿੱਚ ਕੇਦਰ ਰਿਹਾ। ਅੰਤ 'ਚ ਰਿੱਚ ਵਿਰਸਾ ਕਲੱਬ ਦੀਆ ਭੰਗੜਾ ਟੀਮ ਵੱਲੋਂ ਸ਼ਾਨਦਾਰ ਭੰਗੜੇ ਨਾਲ ਹਜਾਰਾਂ ਦਰਸ਼ਕ ਨੂੰ ਨੱਚਣ ਟੱਪਣ ਤੇ ਝੂਮਣ ਲਗਾ ਦਿੱਤਾ।ਇਸ ਮੌਕੇ ਡਾ਼ ਬਰਨਾਰਡ ਮਲਿਕ, ਸਤਵਿੰਦਰ ਟੀਨੂੰ, ਮਨਮੋਹਨ ਸਿੰਘ, ਹੈਰੀ, ਲਵਲੀਨ, ਵਿਜੈ ਗਰੇਵਾਲ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ।ਮੰਚ ਸੰਚਾਲਨ ਦੀ ਭੂਮਿਕਾ ਨੀਰਜ ਪੋਪਲੀ ਤੇ ਪੱਲਵੀ ਨਾਰੰਗ ਵਲੋਂ ਬਾਖੂਬੀ ਨਿਭਾਈ ਗਈ।