ਉੱਤਰੀ ਕੋਰੀਆ ਨੇ ਅਮਰੀਕੀ ਖੇਤਰ ਗੁਆਮ ਨੇੜੇ ਮਿਜ਼ਾਈਲ ਹਮਲਾ ਕਰਨ ਦੀ ਦਿੱਤੀ ਧਮਕੀ

Wednesday, Aug 09, 2017 - 11:10 AM (IST)

ਉੱਤਰੀ ਕੋਰੀਆ ਨੇ ਅਮਰੀਕੀ ਖੇਤਰ ਗੁਆਮ ਨੇੜੇ ਮਿਜ਼ਾਈਲ ਹਮਲਾ ਕਰਨ ਦੀ ਦਿੱਤੀ ਧਮਕੀ

ਸੋਲ— ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਪਣੀ ਮਧਿਅਮ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਨਾਲ ਅਮਰੀਕਾ ਦੇ ਰਣਨੀਤਕ ਫੌਜੀ ਕੈਂਪਾਂ ਨੇੜੇ ਹਮਲੇ ਕਰਨ ਦਾ ਵਿਚਾਰ ਕਰ ਰਿਹਾ ਹੈ। ਉੱਤਰੀ ਕੋਰੀਆ ਨੇ ਇਹ ਧਮਕੀ ਉਦੋਂ ਦਿੱਤੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸ ਨੂੰ ਮਿਜ਼ਾਈਲ ਕਾਰਜਕ੍ਰਮਾਂ ਨੂੰ ਲੈ ਕੇ ਤਬਾਹੀ ਦੀ ਚਿਤਾਵਨੀ ਦਿੱਤੀ। 
ਉੱਤਰੀ ਕੋਰੀਆ ਦੀ ਅਧਿਕਾਰਿਕ ਸਮਾਚਾਰ ਕਮੇਟੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇ. ਸੀ. ਐੱਨ. ਏ.) ਮੁਤਾਬਕ ਉੱਤਰੀ ਕੋਰੀਆ ਨੇ ਕਿਹਾ ਕਿ ਹੁਣ ਉਹ ਮਧਿਅਮ ਦੂਰੀ ਦੇ ਰਣਨੀਤਕ ਬੈਲਿਸਟਿਕ ਰਾਕੇਟ ਹਵਾਸੋਂਗ-12 ਨਾਲ ਗੁਆਮ ਦੇ ਨੇੜੇ ਦੇ ਇਲਾਕਿਆਂ 'ਤੇ ਹਮਲਾ ਕਰਨ ਦੀ ਯੋਜਨਾ ਦਾ ਸਾਵਧਾਨੀ ਨਾਲ ਅਧਿਐਨ ਕਰ ਰਿਹਾ ਹੈ। ਉਸ ਨੇ ਕਿਹਾ ਕਿ ਜਦੋਂ ਉੱਤਰੀ ਕੋਰੀਆ ਦੀ ਪਰਮਾਣੂ ਫੌਜ ਦੇ ਸੁਪਰੀਮ ਕਮਾਂਡਰ ਕਿਮ ਜੋਂਗ ਉਨ ਫੈਸਲਾ ਲੈ ਲੈਣਗੇ ਤਾਂ ਯੋਜਨਾ 'ਤੇ ਅਖੀਰੀ ਫੈਸਲਾ ਲਿਆ ਜਾਵੇਗਾ ਅਤੇ ਇਸ ਫੈਸਲੇ ਨੂੰ ਲਾਗੂ ਕੀਤਾ ਜਾਵੇਗਾ।
ਟਰੰਪ ਨੇ ਪਰਮਾਣੂ ਹਥਿਆਰ ਨਾਲ ਲੈੱਸ ਉੱਤਰੀ ਕੋਰੀਆ ਨੂੰ ਲੈ ਕੇ ਆਪਣਾ ਰਵੱਈਆ ਹੋਰ ਸਖਤ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇ ਉਹ ਅਮਰੀਕਾ ਨੂੰ ਧਮਕਾਉਣਾ ਜਾਰੀ ਰੱਖਦਾ ਹੈ ਤਾਂ ਉਸ ਨੂੰ ਅਜਿਹੀ ਤਬਾਹੀ ਦਾ ਸਾਹਮਣਾ ਕਰਨਾ ਹੋਵੇਗਾ ਜੋ ਦੁਨੀਆ ਨੇ ਕਦੇ ਨਹੀ ਦੇਖੀ  ਹੋਵੇਗੀ। ਟਰੰਪ ਦੀ ਇਹ ਸਖਤ ਚਿਤਾਵਨੀ 'ਦ ਵਾਸ਼ਿੰਗਟਨ ਪੋਸਟ' ਅਖਬਾਰ ਦੁਆਰਾ ਅਮਰੀਕਾ ਦੀਆਂ ਖੁਫੀਆ ਸੇਵਾਵਾਂ ਦੀਆਂ ਖਬਰਾਂ ਮਗਰੋਂ ਆਈ, ਜਿਸ ਵਿਚ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ ਦੀ ਕਿਮ ਜੋਂਗ-ਉਨ ਸਰਕਾਰ ਨੇ ਇਕ ਪਰਮਾਣੂ ਹਥਿਆਰ ਬਣਾਇਆ ਹੈ ਜੋ ਇੰਨਾ ਛੋਟਾ ਹੈ ਕਿ ਉਸ ਦੀਆਂ ਮਿਜ਼ਾਈਲਾਂ ਵਿਚ ਲਗਾਇਆ ਜਾ ਸਕਦਾ ਹੈ। 
ਟਰੰਪ ਨੇ ਨਿਊਜਰਸੀ ਵਿਚ ਆਪਣੇ ਗੋਲਫ ਕਲੱਬ ਵਿਚ ਆਯੋਜਿਤ ਇਕ ਬੈਠਕ ਦੀ ਸ਼ੁਰੂਆਤ ਦੌਰਾਨ ਕਿਹਾ,''ਉੱਤਰੀ ਕੋਰੀਆ ਲਈ ਬਹੁਤ ਚੰਗਾ ਹੋਵੇਗਾ ਕਿ ਅਮਰੀਕਾ ਨੂੰ ਹੋਰ ਧਮਕੀਆਂ ਨਾ ਦੇਵੇ। ਨਹੀਂ ਤਾਂ ਉਨ੍ਹਾਂ ਨੂੰ ਅਜਿਹੀ ਤਬਾਹੀ ਦਾ ਸਾਹਮਣਾ ਕਰਨਾ ਹੋਵੇਗਾ ਜੋ ਦੁਨੀਆ ਨੇ ਕਦੇ ਨਹੀਂ ਦੇਖੀ ਹੋਵੇਗੀ।'' ਉੱਤਰੀ ਕੋਰੀਆ ਕਿਹਾ ਕਿ ਹਫਤੇ ਦੇ ਅਖੀਰ ਵਿਚ ਸੰਯੁਕਤ ਰਾਸ਼ਟਰ ਵਿਚ ਪਾਸ ਕੀਤੀਆਂ ਗਈਆਂ ਨਵੀਆਂ ਸਖਤ ਪਾਬੰਦੀਆਂ ਉਸ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਨਹੀਂ ਰੋਕ ਪਾਉਣਗੀਆਂ। ਉਸ ਨੇ ਕਿਸੇ ਤਰ੍ਹਾਂ ਦੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਅਤੇ ਗੁੱਸੇ ਵਿਚ ਆ ਕੇ ਅਮਰੀਕਾ ਵਿਰੁੱਧ ਬਦਲੇ ਦੀ ਕਾਰਵਾਈ ਕਰਨ ਦੀ ਧਮਕੀ ਦਿੱਤੀ।


Related News