ਮੈਰੀਲੈਂਡ ''ਚ ਮਨਾਇਆ ਗਿਆ ਅਪਾਹਜ ਮਰਦਾਂ ਤੇ ਔਰਤਾਂ ਦਾ ਖੇਡ ਦਿਵਸ
Saturday, Sep 01, 2018 - 10:01 AM (IST)

ਮੈਰੀਲੈਂਡ, (ਰਾਜ ਗੋਗਨਾ)— ਅਮਰੀਕਾ 'ਚ ਸੈਂਟਰ ਫਾਰ ਸੋਸ਼ਲ ਚੇਂਜ ਸੰਸਥਾ ਜੋ ਮਨੁੱਖੀ ਹੱਕਾਂ ਅਤੇ ਅਪਾਹਜਾਂ ਦੀ ਦੇਖਭਾਲ ਦਾ ਕੇਂਦਰ ਚਲਾਉਂਦੀ ਹੈ। ਉਨ੍ਹਾਂ ਦੇ ਮਨੋਰੰਜਨ ਲਈ ਪਿਕਨਿਕ, ਗੀਤ-ਸੰਗੀਤ ਅਤੇ ਫੈਸ਼ਨ ਸ਼ੋਅ ਵੱਖ-ਵੱਖ ਸਮੇਂ 'ਤੇ ਅਯੋਜਿਤ ਕੀਤੇ ਜਾਂਦੇ ਹਨ। ਇੱਥੋਂ ਤੱਕ ਕਿ ਇਨ੍ਹਾਂ ਦੇ ਤਿਉਹਾਰਾਂ ਨੂੰ ਵੀ ਬਾਖੂਬੀ ਮਨਾਇਆ ਜਾਂਦਾ ਹੈ, ਜਿੱਥੇ ਇਨ੍ਹਾਂ ਨੂੰ ਇਨਾਮ ਦਿੱਤੇ ਜਾਂਦੇ ਹਨ, ਘਰੇਲੂ ਮਹੌਲ ਦਿੱਤਾ ਜਾਂਦਾ ਹੈ ਤਾਂ ਜੋ ਇਹ ਖੁਸ਼ ਰਹਿਣ।
ਖੇਡ ਦਿਵਸ ਦਾ ਸਲਾਨਾ ਸਮਾਗਮ ਮੈਰੀਲੈਂਡ ਦੇ ਪਾਰਕ ਵਿੱਚ ਮਨਾਇਆ ਗਿਆ। ਇੱਥੇ ਬੈਡਮਿੰਟਨ, ਵਾਲੀਬਾਲ, ਬਾਸਕਟਬਾਲ ਤੋਂ ਇਲਾਵਾ ਮਨੋਰੰਜਨ ਖੇਡਾਂ ਰੱਸੀ ਟੱਪਣਾ, ਰਿੰਗ ਘੁੰਮਾਉਣਾ, ਬੈਗ ਸੁੱਟਣਾ ਅਤੇ ਤਸ਼ਤਰੀ ਆਦਿ ਖੇਡਾਂ ਰਾਹੀਂ ਸਮਾਂ ਬੰਨ੍ਹਿਆ। ਡੀ. ਜੇ. ਦੀ ਤਾਲ 'ਤੇ ਕਈਆਂ ਵਲੋਂ ਨੱਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਅੱਤ ਦੀ ਗਰਮੀ ਹੋਣ ਕਾਰਨ ਪਾਣੀ ਦੇ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਸੀ। ਸਭ ਨੂੰ ਮੁਫਤ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ। ਸਮੁੱਚੇ ਤੌਰ 'ਤੇ ਇਹ ਖੇਡ ਦਿਵਸ ਵੱਖਰਾ ਹੀ ਰੰਗ ਬੰਨ੍ਹ ਗਿਆ।ਇੱਥੇ ਸਾਰਿਆਂ ਨੇ ਖੇਡਾਂ ਦਾ ਆਨੰਦ ਲਿਆ ਤੇ ਤੰਦਰੁਸਤੀ ਦਾ ਪ੍ਰਗਟਾਵਾ ਕੀਤਾ। ਸਮੁੱਚੇ ਤੌਰ 'ਤੇ ਇਨ੍ਹਾਂ ਅਪਾਹਜ ਖਿਡਾਰੀਆਂ ਦੀਆਂ ਖੇਡਾਂ ਵੱਖਰਾ ਰੰਗ ਤੇ ਲ਼ੁਤਫ ਬੰਨ੍ਹ ਗਈਆਂ, ਜੋ ਅਚੰਭੇ ਤੋਂ ਘੱਟ ਨਹੀਂ ਸਨ।