'ਸਿੱਖਸ ਆਫ ਅਮਰੀਕਾ' ਦੇ ਡਾਇਰੈਕਟਰ ਡਾ. ਸੁਰਿੰਦਰ ਸਿੰਘ ਗਿੱਲ ਨੂੰ ਨਿੱਘੀ ਵਿਦਾਇਗੀ

04/26/2018 3:22:52 PM

ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦੇ ਸਾਬਕਾ ਵਿਦਿਆਰਥੀਆਂ ਵੱਲੋਂ 'ਸਿੱਖਸ ਆਫ ਅਮਰੀਕਾ' ਦੇ ਡਾਇਰੈਕਟਰ ਡਾ. ਸੁਰਿੰਦਰ ਸਿੰਘ ਗਿੱਲ ਦਾ ਸਨਮਾਨ ਕੀਤਾ ਗਿਆ। ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਸਾਬਕਾ ਵਿਦਿਆਰਥੀਆਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹ ਵਿਦਿਆਰਥੀ ਪੁੱਜੇ ਜੋ ਡਾ. ਸੁਰਿੰਦਰ ਸਿੰਘ ਗਿੱਲ ਕੋਲੋਂ ਪੜ੍ਹੇ ਸਨ। ਡਾ. ਗਿੱਲ ਨੇ ਅਮਰੀਕਾ ਵਿੱਚ ਰਹਿ ਕੇ ਹਾਸਲ ਕੀਤੇ ਤਜ਼ਰਬਿਆਂ ਦੀ ਸਾਂਝ ਵਿਦਿਆਰਥੀਆਂ ਨਾਲ ਪਾਈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਇਕੱਠ ਸਤਿੰਦਰ ਸਿੰਘ ਸਿੱਧੂ ਅਤੇ ਸਾਬਕਾ ਅਧਿਆਪਕ ਜਨਕ ਸਿੰਘ ਦੇ ਉਪਰਾਲੇ ਨਾਲ ਕੀਤਾ ਗਿਆ। ਸਭ ਤੋਂ ਪਹਿਲਾਂ ਸੀਨੀਅਰ ਵਿਦਿਆਰਥੀਆਂ ਵਲੋਂ ਡਾ. ਗਿੱਲ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ 'ਜੀ ਆਇਆ' ਕਿਹਾ ਗਿਆ। ਇਸ ਉਪਰੰਤ ਮਿਉਂਸੀਪਲ ਕਮਿਸ਼ਨਰਾਂ ਵੱਲੋਂ ਸਿਰੋਪਾਓ ਨਾਲ ਸਨਮਾਨਿਆ ਗਿਆ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਬਰਾੜ, ਮੱਖਣ ਸਿੰਘ ਹਾਕੀ ਖਿਡਾਰੀ, ਰਿੰਪੀ ਮਿਉਂਸੀਪਲ ਕਮਿਸ਼ਨਰ ਅਤੇ ਫਾਊਂਡਰ ਪ੍ਰਧਾਨ ਤਲਵੰਡੀ ਸਾਬੋ ਤੋਂ ਇਲਾਵਾ ਹਰਦੇਵ ਸਿੰਘ ਵਕੀਲ ਆਦਿ ਸ਼ਾਮਲ ਸਨ।
ਡਾ. ਗਿੱਲ ਨੇ ਅਮਰੀਕਾ ਦੇ ਰਹਿਣ-ਸਹਿਣ, ਰੋਜ਼ਾਨਾ ਜ਼ਿੰਦਗੀ ਅਤੇ ਉੱਥੋਂ ਦੇ ਕਾਰੋਬਾਰੀਆਂ ਤੋਂ ਇਲਾਵਾ ਅਨੁਸਾਸ਼ਨ, ਇਮਾਨਦਾਰੀ ਦਾ ਜ਼ਿਕਰ ਕੀਤਾ। ਸਤਿੰਦਰ ਸਿੰਘ ਸਿੱਧੂ ਨੇ ਆਏ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਜਨਕ ਸਿੰਘ ਨੇ ਆਪਣੇ ਅਧਿਆਪਕ ਵਜੋਂ ਪ੍ਰਾਪਤ ਕੀਤੇ ਤਜ਼ਰਬੇ ਸਾਂਝੇ ਕੀਤੇ। ਰਜਿੰਦਰ ਸ਼ਰਮਾ ਨੇ ਡਾ. ਗਿੱਲ ਨੂੰ ਭਵਿੱਖ ਵਿੱਚ ਮੁੜ ਆਉਣ ਦਾ ਸੱਦਾ ਦਿੱਤਾ।


Related News