ਭਾਰਤੀ ਮੂਲ ਦੇ ਦਿਨੇਸ਼ ਸ਼ਾਹ ਵੱਲੋਂ ਅਮਰੀਕਾ ਵਿਖੇ ਕਰੋਨਾ ਰਾਹਤ ਦੇ ਨਾਮ ''ਤੇ ਵੱਡਾ ਫਰਾਡ
Sunday, Mar 28, 2021 - 10:26 AM (IST)
ਨਿਊਯਾਰਕ (ਰਾਜ ਗੋਗਨਾ)— ਅਮਰੀਕਾ ਦੇ ਸੂਬੇ ਟੈਕਸਾਸ ਵਿਖੇ ਭਾਰਤੀ ਮੂਲ ਦੇ ਇਕ ਗੁਜਰਾਤੀ ਦਿਨੇਸ਼ ਸ਼ਾਹ ਵੱਲੋਂ ਕੋਰੋਨਾ ਰਾਹਤ ਦੇ ਨਾਮ 'ਤੇ ਅਮਰੀਕੀ ਸਰਕਾਰ ਨਾਲ 24 ਮਿਲੀਅਨ ਦੀ ਠੱਗੀ ਮਾਰਨ ਦੀ ਗੱਲ ਸਾਹਮਣੇ ਆਈ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਬਿਜ਼ਨੈੱਸ ਅਦਾਰਿਆਂ ਦੀ ਮਦਦ ਲਈ ਸ਼ੁਰੂ ਕੀਤੀ ਰਾਹਤ ਯੋਜਨਾ ‘ਪੇਅਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ’ (Paycheck Protection Program) ਅਧੀਨ ਦਿਨੇਸ਼ ਸ਼ਾਹ ਵੱਲੋਂ ਕੁੱਲ 24 ਮਿਲੀਅਨ ਦੇ ਕਰੀਬ ਅਮਰੀਕੀ ਡਾਲਰ ਦੇ ਹਰਜਾਨੇ ਦਾ ਦਾਅਵਾ ਪੇਸ਼ ਕੀਤਾ ਗਿਆ ਸੀ।
ਦਿਨੇਸ਼ ਸ਼ਾਹ ਵੱਲੋਂ 15 ਜਾਅਲੀ ਅਰਜ਼ੀਆਂ ਦਿੱਤੀਆਂ ਗਈਆਂ ਸਨ ਅਤੇ ਦਾਅਵਾ ਕੀਤਾ ਗਿਆ ਸੀ ਕਿ ਉਸ ਕੋਲ ਵੱਖ-ਵੱਖ ਤਰ੍ਹਾਂ ਦੇ ਬਿਜ਼ਨੈੱਸ ਅਦਾਰੇ ਹਨ, ਜੋ ਕਰੋਨਾ ਕਾਰਨ ਘਾਟੇ ਵਿੱਚ ਹਨ। ਦਿਨੇਸ਼ ਸ਼ਾਹ ਵੱਲੋਂ ਇਨ੍ਹਾਂ ਬਿਜ਼ਨੈੱਸ ਅਦਾਰਿਆਂ ਨੂੰ ਕੋਰੋਨਾ ਕਾਰਨ ਘਾਟੇ ਵਿੱਚ ਵਿਖਾ ਕੇ ਮਦਦ ਮੰਗੀ ਗਈ ਸੀ ਪਰ ਅਸਲ ਵਿੱਚ ਇਹੋ ਜਿਹੇ ਕੋਈ ਵੀ ਬਿਜ਼ਨੈੱਸ ਅਦਾਰੇ ਉਸ ਕੋਲ ਨਹੀਂ ਸਨ ਅਤੇ ਸਾਰੇ ਕਾਗਜ਼ਾਤ ਜਾਅਲੀ ਸਨ। ਇਨ੍ਹਾਂ ਜਾਅਲੀ ਅਰਜੀਆਂ ਨਾਲ 17 ਮਿਲੀਅਨ ਤੋਂ ਵੱਧ ਡਾਲਰ ਉਸ ਨੂੰ ਮਿਲ ਵੀ ਗਏ ਸਨ ਜਿਸ ਨਾਲ ਉਸ ਨੇ ਆਲੀਸ਼ਾਨ ਗੱਡੀਆਂ ਅਤੇ ਘਰਾਂ ਦੀ ਖ਼ਰੀਦ ਕੀਤੀ ਸੀ।