ਜਾਨ ਨੂੰ ਖ਼ਤਰੇ ਦੇ ਬਾਵਜੂਦ ਲਾਂਗ ਮਾਰਚ ਨੂੰ ਸੰਬੋਧਨ ਕਰਨ ਲਈ ਦ੍ਰਿੜ ਹਾਂ: ਇਮਰਾਨ ਖਾਨ
Saturday, Nov 26, 2022 - 01:58 PM (IST)
ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰੇ ਦੇ ਬਾਵਜੂਦ ਉਹ ਸ਼ਨੀਵਾਰ ਨੂੰ ਰਾਵਲਪਿੰਡੀ ਜਾ ਕੇ ਉਨ੍ਹਾਂ ਦੀ ਪਾਰਟੀ ਵਲੋਂ ਪਹਿਲਾਂ ਤੋਂ ਆਯੋਜਿਤ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਲਈ ਦ੍ਰਿੜ ਹਨ। ਉਨ੍ਹਾਂ ਨੇ ਇਹ ਕਹਿੰਦੇ ਹੋਏ ਲੋਕਾਂ ਨੂੰ ਇਸ ਰੈਲੀ ਵਿੱਚ ਰਾਵਲਪਿੰਡੀ ਪਹੁੰਚਣ ਦਾ ਸੱਦਾ ਦਿੱਤਾ ਕਿ ਇਹ ਦੇਸ਼ ਲਈ ‘ਨਿਰਣਾਇਕ ਸਮਾਂ’ ਹੈ। ਖਾਨ ਰਾਵਲਪਿੰਡੀ ਵਿੱਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨ ਵਾਲੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ.ਟੀ.ਆਈ.) ਦਾ ਇਹ ਪ੍ਰਦਰਸ਼ਨ ਨਵੀਆਂ ਆਮ ਚੋਣਾਂ ਦੀ ਮੰਗ ਨੂੰ ਲੈ ਕੇ ''ਪੂਰੀ ਤਰ੍ਹਾਂ ਸ਼ਾਂਤੀਪੂਰਨ'' ਹੋਵੇਗਾ।
ਲੰਘੀ 3 ਨਵੰਬਰ ਨੂੰ ਖਾਨ 'ਤੇ ਜਾਨਲੇਵਾ ਹਮਲਾ ਹੋਇਆ ਸੀ ਅਤੇ ਉਨ੍ਹਾਂ ਨੂੰ ਗੋਲੀ ਲੱਗੀ ਸੀ। ਫਿਲਹਾਲ ਉਹ ਠੀਕ ਹੋ ਰਹੇ ਹਨ। ਡਾਨ ਅਖ਼ਬਾਰ ਮੁਤਾਬਕ ਖਾਨ (70) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜ਼ਖ਼ਮੀ ਹੋਣ ਦੇ ਬਾਵਜੂਦ ਉਹ ਦੇਸ਼ ਦੀ ਖ਼ਾਤਰ ਰਾਵਲਪਿੰਡੀ ਜਾਣ ਲਈ ਦ੍ਰਿੜ ਹਨ। ਜੀਓ ਨਿਊਜ਼ ਚੈਨਲ ਦੇ ਅਨੁਸਾਰ ਖਾਨ ਨੇ ਕਿਹਾ, "ਮੈਂ ਰਾਵਲਪਿੰਡੀ ਜਾ ਰਿਹਾ ਹਾਂ, ਕਿਉਂਕਿ ਇਹ ਦੇਸ਼ ਲਈ ਮਹੱਤਵਪੂਰਨ ਸਮਾਂ ਹੈ। ਅਸੀਂ ਅਜਿਹਾ ਦੇਸ਼ ਬਣਨਾ ਚਾਹੁੰਦੇ ਹਾਂ ਜਿਸ ਦੇ ਸੁਪਨੇ ਕਾਇਦ-ਏ-ਆਜ਼ਮ ਅਤੇ ਅੱਲਾਮਾ ਇਕਬਾਲ ਨੇ ਦੇਖੇ ਸਨ।'
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਖ਼ਤਰਾ ਹੈ ਪਰ ਉਹ ਸਾਵਧਾਨੀ ਵਰਤਣਗੇ। ਪੀ.ਟੀ.ਆਈ. ਦੀ ਪੰਜਾਬ ਇਕਾਈ ਨੇ ਲਾਂਗ ਮਾਰਚ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਦੋ ਵੱਖ-ਵੱਖ ਕਾਫਲਿਆਂ ਵਿੱਚ ਰਾਵਲਪਿੰਡੀ ਵੱਲ ਮਾਰਚ ਕਰਨ ਦੀ ਯੋਜਨਾ ਬਣਾਈ ਹੈ। ਇਸ ਦੌਰਾਨ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੈਲੀ ਦਾ ਕੋਈ ਮਤਲਬ ਨਹੀਂ ਹੈ ਅਤੇ ਖਾਨ ਨੂੰ ਇਸ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ, ਕਿਉਂਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।