ਦਿਵਿਆਂਗ ਵਾਸੂ ਦੇ ਹੌਂਸਲੇ ਨੂੰ ਸਲਾਮ, ਫੌੜੀਆਂ ਸਹਾਰੇ ਫਤਿਹ ਕੀਤੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ
Monday, Mar 07, 2022 - 03:42 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਭਾਰਤੀ ਮੂਲ ਦੇ ਵਾਸੂ ਸੋਜਿਤਰਾ (30) ਨੇ ਅਜਿਹਾ ਕਾਰਨਾਮਾ ਕੀਤਾ ਹੈ ਜਿਸ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਅਸਲ ਵਿਚ ਵਾਸੂ ਨੇ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਡੇਨਾਲੀ (ਮਾਊਂਟ ਮੈਕਿਨਲੇ) ਨੂੰ ਸਿਰਫ ਇਕ ਪੈਰ ਦੀ ਮਦਦ ਨਾਲ ਫਤਹਿ ਕਰ ਦਿਖਾਇਆ ਹੈ। 20,310 ਫੁੱਟ ਦੀ ਉਚਾਈ ਨੂੰ ਛੂਹਣ ਵਾਲੇ ਉਹ ਪਹਿਲੇ ਦਿਵਿਆਂਗ ਬਣ ਗਏ ਹਨ।
9 ਸਾਲ ਦੀ ਉਮਰ ਵਿਚ ਸੇਪਟੀਸੀਮੀਆ ਕਾਰਨ ਉਹਨਾਂ ਨੂੰ ਆਪਣਾ ਸੱਜਾ ਪੈਰ ਗੁਆਉਣਾ ਪਿਆ। ਸਾਲ ਭਰ ਬਾਅਦ ਵਾਸੂ ਨੇ ਕਨੈਕਟੀਕਟ ਵਿਚ ਇਕ ਦਿਵਿਆਂਗ ਨੂੰ ਸਕੀਇੰਗ ਕਰਦਿਆਂ ਦੇਖਿਆ। ਇਸ ਮਗਰੋਂ ਉਹਨਾਂ ਨੇ ਆਪਣੇ ਮਾਤਾ-ਪਿਤਾ ਨੂੰ ਵੀ ਸਪੈਸ਼ਲ ਲੋਕਾਂ ਲਈ ਬਣਾਈ ਜਾਣ ਵਾਲੀ ਛੋਟੀ ਸਕੀ ਦੀ ਮੰਗ ਕੀਤੀ। ਉਦੋਂ ਤੋਂ ਸ਼ੁਰੂ ਹੋਇਆ ਵਾਸੂ ਦਾ ਇਹ ਸਫਰ ਹੁਣ ਤੱਕ ਜਾਰੀ ਹੈ। ਉਹਨਾਂ ਨੇ ਆਪਣੇ ਜਿਹੇ ਦੂਜੇ ਦਿਵਿਆਂਗਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਨੇ ਚੀਨ ਨੂੰ ਵਿਸ਼ਵ ਸ਼ਾਂਤੀ ਲਈ ਵਚਨਬੱਧਤਾ ਦਿਖਾਉਣ ਲਈ ਕਿਹਾ
2014 ਵਿਚ ਵਾਸੂ ਨੇ ਫੌਹੜੀ ਦੀ ਮਦਦ ਨਾਲ ਵਿਓਮਿੰਗ ਗ੍ਰੈਂਡ ਟੋਟਨ (13375 ਫੁੱਟ ਉੱਚੀ) ਨੂੰ ਫਤਹਿ ਕੀਤਾ। ਬੀਤੇ ਸਾਲ ਉਹਨਾਂ ਨੇ ਮਾਉਂਟ ਮੋਰਨ (12610 ਫੁੱਟ ਉੱਚੀ) ਪਹਿਲੀ ਡਿਸਏਬਲਡ ਸਕੀ ਡੀਸੈਂਟ ਨੂੰ ਪੂਰਾ ਕੀਤਾ। ਵਾਸੂ ਕਹਿੰਦੇ ਹਨ ਕਿ ਮੈਂ ਇਕੱਲਾ ਦਿਵਿਆਂਗ ਨਹੀਂ ਹਾਂ ਜੋ ਉੱਚੇ ਪਹਾੜਾਂ 'ਤੇ ਪਹੁੰਚ ਰਿਹਾ ਹਾਂ। ਪਹਿਲਾਂ ਵੀ ਕਈ ਲੋਕ ਪਹੁੰਚੇ ਹਨ। ਮੇਰਾ ਉਦੇਸ਼ ਸਿਰਫ ਲੋਕਾਂ ਨੂੰ ਦਿਖਾਵਾ ਕਰਨਾ ਨਹੀਂ ਹੈ। ਸਗੋਂ ਮੈਂ ਇਸ ਜ਼ਰੀਏ ਬਾਕੀ ਦਿਵਿਆਂਗਾਂ ਦੀ ਮਦਦ ਕਰਨਾ ਚਾਹੁੰਦਾ ਹਾਂ। ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿੰਨੀ ਮਰਜ਼ੀ ਵੱਡੀ ਮੁਸ਼ਕਲ ਆ ਜਾਵੇ ਪਰ ਜ਼ਿੰਦਗੀ ਰੁਕਦੀ ਨਹੀਂ।