ਭਾਰਤ ਨਾਲ ‘ਸੰਵੇਦਨਸ਼ੀਲ ਮੁੱਦਿਆਂ’ ’ਤੇ ਗੱਲ ਕਰਨ ਦੀ ਇੱਛਾ ਪ੍ਰਗਟਾਉਣ ਮਗਰੋਂ ਪਲਟਿਆ ਪਾਕਿਸਤਾਨ
Wednesday, Jan 18, 2023 - 04:45 AM (IST)
ਇਸਲਾਮਾਬਾਦ (ਏ. ਐੱਨ. ਆਈ.)–ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕਸ਼ਮੀਰ ਸਮੇਤ ਵੱਖ-ਵੱਖ ‘ਸੰਵੇਦਨਸ਼ੀਲ ਮੁੱਦਿਆਂ’ ਦੇ ਹੱਲ ਲਈ ਆਪਣੇ ਭਾਰਤੀ ਹਮਅਹੁਦਾ ਨਰਿੰਦਰ ਮੋਦੀ ਨਾਲ ਗੰਭੀਰ ਗੱਲਬਾਤ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਰਤ ਨਾਲ ਅਸੀਂ 3 ਯੁੱਧ ਲੜ ਕੇ ਸਬਕ ਸਿੱਖ ਲਿਆ ਅਤੇ ਲੋਕਾਂ ਦੇ ਦੁੱਖ਼, ਗ਼ਰੀਬੀ ਅਤੇ ਬੇਰੋਜ਼ਗਾਰੀ ’ਚ ਵਾਧਾ ਹੀ ਹੋਇਆ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਸੱਦੇ ਤੋਂ ਕੁਝ ਘੰਟਿਆਂ ਬਾਅਦ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਸਪੱਸ਼ਟ ਕੀਤਾ ਕਿ ਉਹ ਭਾਰਤ ਨਾਲ ਉਦੋਂ ਤੱਕ ਗੱਲਬਾਤ ਨਹੀਂ ਕਰੇਗਾ, ਜਦੋਂ ਤੱਕ ਕਿ ਉਹ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਰੱਦ ਕਰਨ ਦੀ 5 ਅਗਸਤ, 2019 ਦੀ ਨਾਜਾਇਜ਼ ਕਾਰਵਾਈ ਵਾਪਸ ਨਹੀਂ ਲੈ ਲੈਂਦਾ।
ਇਹ ਖ਼ਬਰ ਵੀ ਪੜ੍ਹੋ : ਮਾਪਿਆਂ ’ਤੇ ਟੁੱਟਿਆ ਦੁੱਖ਼ਾਂ ਦਾ ਪਹਾੜ, ਅੱਗ ਨਾਲ ਝੁਲਸੇ 6 ਬੱਚੇ 8 ਦਿਨਾਂ ’ਚ ਤੁਰ ਗਏ ਜਹਾਨੋਂ
ਸ਼ਰੀਫ਼ ਨੇ ਸੋਮਵਾਰ ਨੂੰ ਦੁਬਈ ਸਥਿਤ ਅਲ ਅਰਬੀਆ ਸਮਾਚਾਰ ਚੈਨਲ ਨਾਲ ਇਕ ਇੰਟਰਵਿਊ ’ਚ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਰਾ ਸੰਦੇਸ਼ ਹੈ ਕਿ ਆਓ ਅਸੀਂ ਗੱਲਬਾਤ ਦੀ ਮੇਜ਼ ’ਤੇ ਬੈਠੀਏ ਅਤੇ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦਿਆਂ ਦੇ ਹੱਲ ਲਈ ਗੰਭੀਰਤਾ ਨਾਲ ਗੱਲਬਾਤ ਕਰੀਏ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਗੁਆਂਢੀ ਦੇਸ਼ ਹਨ ਅਤੇ ਉਨ੍ਹਾਂ ਇਕ-ਦੂਜੇ ਦੇ ਨਾਲ ਹੀ ਰਹਿਣਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਉਪਰ ਹੈ ਕਿ ਅਸੀਂ ਸ਼ਾਂਤੀ ਨਾਲ ਰਹੀਏ, ਤਰੱਕੀ ਕਰੀਏ ਜਾਂ ਆਪਸ ’ਚ ਝਗੜਾ ਕਰੀਏ ਅਤੇ ਸਮਾਂ ਅਤੇ ਸੋਮਿਆਂ ਨੂੰ ਬਰਬਾਦ ਕਰੀਏ। ਭਾਰਤ ਨਾਲ ਅਸੀਂ 3 ਯੁੱਧ ਲੜੇ ਹਨ ਅਤੇ ਇਸ ਨਾਲ ਲੋਕਾਂ ਦੇ ਦੁੱਖ਼, ਗ਼ਰੀਬੀ ਅਤੇ ਬੇਰੋਜ਼ਗਾਰੀ ਵਿਚ ਵਾਧਾ ਹੀ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 21 ਸਾਲਾ ਨੌਜਵਾਨ ਦੀ ਮੌਤ
ਉਨ੍ਹਾਂ ਕਿਹਾ ਕਿ ਅਸੀਂ ਸਿੱਖਿਆ ਲੈ ਲਈ ਹੈ ਅਤੇ ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ, ਬਸ਼ਰਤੇ ਅਸੀਂ ਆਪਣੀਆਂ ਅਸਲੀ ਸਮੱਸਿਆਵਾਂ ਨੂੰ ਹੱਲ ਕਰ ਸਕੀਏ। ਅਸੀਂ ਗ਼ਰੀਬੀ ਦੂਰ ਕਰਨਾ ਚਾਹੁੰਦੇ ਹਾਂ, ਖ਼ੁਸ਼ਹਾਲੀ ਪ੍ਰਾਪਤ ਕਰਨਾ ਚਾਹੁੰਦੇ ਹਨ ਅਤੇ ਆਪਣੇ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਤੇ ਰੋਜ਼ਗਾਰ ਮੁਹੱਈਆ ਕਰਵਾਉਣਾ ਚਾਹੁੰਦੇ ਹਾਂ ਅਤੇ ਬੰਬ ਤੇ ਗੋਲਾ-ਬਾਰੂਦ ’ਤੇ ਆਪਣੇ ਸੋਮਿਆਂ ਨੂੰ ਬਰਬਾਦ ਨਹੀਂ ਕਰਨਾ ਚਾਹੁੰਦੇ ਅਤੇ ਇਹੀ ਸੰਦੇਸ਼ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਦੇਣਾ ਚਾਹੁੰਦਾ ਹਾਂ। ਸ਼ਰੀਫ਼ ਨੇ ਚੌਕਸ ਕਰਦੇ ਹੋਏ ਕਿਹਾ ਕਿ ਅਸੀਂ ਪ੍ਰਮਾਣੂ ਸ਼ਕਤੀ ਸੰਪੰਨ ਹਾਂ, ਪੂਰੀ ਤਾਕਤ ਨਾਲ ਲੈਸ ਹਾਂ ਅਤੇ ਜੇਕਰ ਯੁੱਧ ਛਿੜ ਜਾਵੇ ਤਾਂ ਇਹ ਦੱਸਣ ਲਈ ਕੌਣ ਜ਼ਿੰਦਾ ਰਹੇਗਾ ਕਿ ਕੀ ਹੋਇਆ ਸੀ? ਉਨ੍ਹਾਂ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਪਾਕਿਸਤਾਨ ਅਤੇ ਭਾਰਤ ਨੂੰ ਨਾਲ-ਨਾਲ ਲਿਆਉਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਓਧਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਗੁਆਂਢੀ ਦੇਸ਼ ਨਾਲ ਉਦੋਂ ਤੱਕ ਗੱਲਬਾਤ ਨਹੀਂ ਕਰੇਗਾ, ਜਦੋਂ ਤੱਕ ਕਿ ਉਹ ਕਸ਼ਮੀਰ ’ਤੇ ‘5 ਅਗਸਤ 2019 ਦੀ ਨਾਜਾਇਜ਼ ਕਾਰਵਾਈ’ ਵਾਪਸ ਨਹੀਂ ਲੈ ਲੈਂਦਾ। ਭਾਰਤ ਵੱਲੋਂ ਇਹ ਕਦਮ ਵਾਪਸ ਲਏ ਬਿਨਾਂ ਗੱਲਬਾਤ ਸੰਭਵ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੀ ਦੋ-ਟੁੱਕ, ਪੰਜਾਬ ’ਚ ਨਹੀਂ ਹੋਵੇਗੀ ਜੀ. ਐੱਮ. ਸਰ੍ਹੋਂ ਦੀ ਖੇਤੀ