ਸਪੇਨ ਦੀ ਉਪ ਪ੍ਰਧਾਨ ਮੰਤਰੀ ਵੀ ਆਈ ਕੋਰੋਨਾਵਾਇਰਸ ਦੀ ਲਪੇਟ ''ਚ

Wednesday, Mar 25, 2020 - 11:40 PM (IST)

ਮੈਡਿ੍ਰਡ - ਦੁਨੀਆ ਦੇ 194 ਦੇਸ਼ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਜਿਸ ਨਾਲ 20,949 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4,52,157 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ। ਉਥੇ ਹੀ ਯੂਰਪ ਦੇ ਕਈ ਦੇਸ਼ਾਂ ਵਿਚ ਇਸ ਵਾਇਰਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਨਾਲ ਇਟਲੀ ਅਤੇ ਸਪੇਨ ਵਿਚ ਸਭ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ। ਉਥੇ ਹੀ ਸਪੇਨ ਦੀ ਉਪ ਪ੍ਰਧਾਨ ਮੰਤਰੀ ਕਾਰਮੇਨ ਕਾਲਵੋ ਬੁੱਧਵਾਰ ਸ਼ਾਮ (ਸਥਾਨਕ ਸਮੇਂ ਮੁਤਾਬਕ) ਕੋਰੋਨਾਵਾਇਰਸ ਟੈਸਟ ਦੀ ਰਿਪੋਰਟ ਵਿਚ ਪਾਜੇਟਿਵ ਪਾਈ ਗਈ ਹੈ।

PunjabKesari

ਰਿਪੋਰਟਸ ਮੁਤਾਬਕ, ਕਾਲਵੋ ਦੀ ਸਿਹਤ ਪਿਛਲੇ 4 ਦਿਨਾਂ ਤੋਂ ਖਰਾਬ ਚੱਲ ਰਹੀ ਸੀ। ਉਹ ਘਰ ਤੋਂ ਹੀ ਆਈਸੋਲੇਸ਼ਨ ਵਿਚ ਸਰਕਾਰੀ ਕੰਮਕਾਜ ਕਰ ਰਹੀ ਸੀ। ਉਥੇ ਹੀ ਬੁੱਧਵਾਰ ਸ਼ਾਮ ਉਨ੍ਹਾਂ ਦੀ ਪਹਿਲੀ ਰਿਪੋਰਟ ਪਾਜੇਟਿਵ ਆਈ ਹੈ। ਸਪੇਨ ਸਰਕਾਰ ਨੇ ਕਾਲਵੋ ਅਤੇ ਉਨ੍ਹਾਂ ਦੇ ਸੰਪਰਕ ਵਿਚ ਜੋ ਦੂਜੇ ਲੋਕ ਆਏ ਹਨ, ਉਨ੍ਹਾਂ ਸਾਰਿਆਂ ਨੂੰ ਅਲੱਗ ਰੱਖੇ ਜਾਣ ਦਾ ਆਦੇਸ਼ ਦਿੱਤਾ ਗਿਆ ਹੈ ਅਤੇ ਇਕ ਮੈਡੀਕਲ ਬੋਰਡ ਇਨ੍ਹਾਂ ਸਾਰਿਆਂ ਦੀ ਨਿਗਰਾਨੀ ਕਰੇਗਾ।

PunjabKesari

ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਬੀਤੇ ਹਫਤੇ ਯੂਰਪ ਨੂੰ ਕੋਰੋਨਾਵਾਇਰਸ ਦਾ ਕੇਂਦਰ ਦੱਸਿਆ ਸੀ, ਜਿਸ ਤੋਂ ਬਾਅਦ ਇਸ ਵਾਇਰਸ ਦਾ ਪ੍ਰਕੋਪ ਯੂਰਪ ਵਿਚ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਇਟਲੀ ਵਿਚ ਅੱਜ ਨਵੇਂ ਅੰਕਡ਼ੇ ਸਾਹਮਣੇ ਆਉਣ ਤੋਂ ਬਾਅਦ ਮੌਤਾਂ ਦੀ ਗਿਣਤੀ 7503 ਹੋ ਗਈ ਹੈ ਅਤੇ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦਾ ਅੰਕਡ਼ਾ 74000 ਤੋਂ ਪਾਰ ਪਹੁੰਚ ਗਿਆ ਹੈ। ਉਥੇ ਹੀ ਯੂਰਪ ਦਾ ਦੂਜਾ ਸਭ ਤੋਂ ਪ੍ਰਭਾਵਿਤ ਦੇਸ਼ ਸਪੇਨ ਪਾਇਆ ਗਿਆ ਹੈ, ਜਿਸ ਵਿਚ ਹੁਣ ਤੱਕ ਵਾਇਰਸ ਨੇ 3434 ਲੋਕਾਂ ਦੀ ਜਾਨ ਲੈ ਲਈ ਹੈ ਅਤੇ 47,610 ਲੋਕ ਇਸ ਤੋਂ ਇਨਫੈਕਟਡ ਪਾਏ ਗਏ ਹਨ। ਦੱਸ ਦਈਏ ਕਿ ਇਟਲੀ ਤੋਂ ਬਾਅਦ ਸਪੇਨ ਵਿਚ ਅੱਜ ਹੋਈਆਂ 443 ਮੌਤਾਂ ਕਾਰਨ ਇਹ ਚੀਨ ਦੇ ਮੌਤਾਂ ਦੇ ਅੰਕਡ਼ੇ ਨੂੰ ਪਾਰ ਕਰ ਗਿਆ ਹੈ।


Khushdeep Jassi

Content Editor

Related News