ਡਿਪੂ ’ਚ ਧਮਾਕੇ ਦੇ ਮਾਮਲੇ ’ਚ ਚੈੱਕ ਗਣਰਾਜ ਨੇ 18 ਰੂਸੀ ਮੁਲਾਜ਼ਮਾਂ ਨੂੰ ਕੱਢਿਆ
Monday, Apr 19, 2021 - 04:05 PM (IST)
ਪ੍ਰਾਗ (ਭਾਸ਼ਾ)– ਚੈੱਕ ਗਣਰਾਜ ਨੇ ਐਲਾਨ ਕੀਤਾ ਕਿ ਉਹ ਗੋਲਾ-ਬਾਰੂਦ ਦੇ ਇਕ ਡਿਪੂ ’ਚ 2014 ’ਚ ਹੋਏ ਧਮਾਕੇ ਨਾਲ ਜੁੜੇ ਮਾਮਲੇ ’ਚ ਉਨ੍ਹਾਂ 18 ਰੂਸੀ ਦੂਤਘਰ ਦੇ ਮੁਲਾਜ਼ਮਾਂ ਨੂੰ ਕੱਢ ਰਿਹਾ ਹੈ, ਜਿਨ੍ਹਾਂ ਦੀ ਪਛਾਣ ਜਾਸੂਸ ਦੇ ਤੌਰ ’ਤੇ ਕੀਤੀ ਗਈ ਹੈ। ਚੈੱਕ ਗਣਰਾਜ ਦੇ ਪ੍ਰਧਾਨ ਮੰਤਰੀ ਆਂਦਰੇਜ਼ ਬਾਬਿਸ ਨੇ ਕਿਹਾ ਕਿ ਚੈੱਕ ਗਣਰਾਜ ਦੀ ਖੁਫੀਆ ਤੇ ਸੁਰੱਖਿਆ ਸੇਵਾਵਾਂ ਨੇ ਸਬੂਤ ਮੁਹੱਈਆ ਕਰਵਾਏ ਹਨ, ਜੋ ਇਕ ਪੂਰਬੀ ਕਸਬੇ ’ਚ ਹੋਏ ਉਸ ਵੱਡੇ ਧਮਾਕੇ ’ਚ ਰੂਸੀ ਫੌਜ ਦੇ ਏਜੰਟਾਂ ਦੀ ਸ਼ਮੂਲੀਅਤ ਵੱਲ ਇਸ਼ਾਰਾ ਕਰਦੇ ਹਨ, ਜਿਸ ’ਚ 2 ਨਿਰਦੋਸ਼ ਪਿਤਾ ਮਾਰੇ ਗਏ ਸਨ।
ਬਾਬਿਸ ਨੇ ਕਿਹਾ ਕਿ ਚੈੱਕ ਗਣਰਾਜ ਇਕ ਖੁਦਮੁਖਤਿਆਰ ਦੇਸ਼ ਹੈ ਤੇ ਉਸ ਨੂੰ ਇਸ ਤਰ੍ਹਾਂ ਦੇ ਹੈਰਾਨੀਜਨਕ ਨਤੀਜਿਆਂ ਦਾ ਸਹੀ ਜਵਾਬ ਦੇਣਾ ਹੀ ਚਾਹੀਦਾ। ਦੇਸ਼ ਦੇ ਗ੍ਰਹਿ ਤੇ ਵਿਦੇਸ਼ ਮੰਤਰੀ ਜਾਨ ਹਾਮਾਸੇਕ ਨੇ ਕਿਹਾ ਕਿ ਰੂਸੀ ਦੂਤਘਰ ਦੇ 18 ਕਰਮਚਾਰੀਆਂ ਦੀ ਪਛਾਣ ਰੂਸੀ ਜਾਸੂਸਾਂ ਦੇ ਤੌਰ ’ਤੇ ਹੋਈ ਹੈ ਤੇ ਉਨ੍ਹਾਂ ਨੂੰ 48 ਘੰਟਿਆਂ ’ਚ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਰਬੇਟਿਕਾ ’ਚ 16 ਅਕਤੂਬਰ 2014 ਨੂੰ ਇਕ ਡਿਪੂ ’ਚ ਹੋਏ ਧਮਾਕੇ ’ਚ 2 ਲੋਕਾਂ ਦੀ ਮੌਤ ਹੋ ਗਈ ਸੀ। ਡਿਪੂ ’ਚ 50 ਟਨ ਗੋਲਾ-ਬਾਰੂਦ ਰੱਖਿਆ ਸੀ।