ਈਰਾਨ ''ਚ ਚੌਥੇ ਹਫ਼ਤੇ ਵੀ ਪ੍ਰਦਰਸ਼ਨ ਜਾਰੀ, ਦੋ ਲੋਕਾਂ ਦੀ ਮੌਤ (ਤਸਵੀਰਾਂ)
Sunday, Oct 09, 2022 - 01:08 PM (IST)
ਸੁਲੇਮਾਨੀਆ (ਏਜੰਸੀ): ਈਰਾਨ ‘ਚ ਕਈ ਥਾਵਾਂ ‘ਤੇ ਸ਼ਨੀਵਾਰ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ‘ਚ ਘੱਟ ਤੋਂ ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਪ੍ਰਦਰਸ਼ਨ ਦਾ ਚੌਥਾ ਹਫ਼ਤਾ ਸ਼ਨੀਵਾਰ ਨੂੰ ਸ਼ੁਰੂ ਹੋਇਆ। ਪੁਲਸ ਹਿਰਾਸਤ 'ਚ 22 ਸਾਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ 'ਚ ਹਿਜਾਬ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ। ਪੁਲਸ ਨੇ ਅਮੀਨੀ ਨੂੰ ਕਥਿਤ ਤੌਰ 'ਤੇ ਦੇਸ਼ ਦੇ ਸਖ਼ਤ ਇਸਲਾਮੀ ਡਰੈੱਸ ਕੋਡ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਸੀ। ਪ੍ਰਦਰਸ਼ਨਕਾਰੀ ਔਰਤਾਂ ਨੇ ਲਾਜ਼ਮੀ ਧਾਰਮਿਕ ਪਹਿਰਾਵੇ ਦੇ ਵਿਰੋਧ ਵਿੱਚ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਅਤੇ ਆਪਣੇ ਹਿਜਾਬ ਲਾਹ ਸੁੱਟੇ।
ਕੁਝ ਇਲਾਕਿਆਂ ਵਿੱਚ ਵਪਾਰੀਆਂ ਨੇ ਹੜਤਾਲ ਦੇ ਸੱਦੇ ਕਾਰਨ ਅਤੇ ਨੁਕਸਾਨ ਤੋਂ ਬਚਣ ਲਈ ਦੁਕਾਨਾਂ ਬੰਦ ਰੱਖੀਆਂ। ਸ਼ਨੀਵਾਰ ਨੂੰ ਈਰਾਨ ਦੇ ਸਰਕਾਰੀ ਟੀਵੀ ਨੂੰ ਸ਼ਾਮ ਦੇ ਨਿਊਜ਼ ਪ੍ਰਸਾਰਣ ਦੌਰਾਨ 15 ਸਕਿੰਟਾਂ ਲਈ ਹੈਕ ਕੀਤਾ ਗਿਆ ਸੀ। ਇਸ ਦੌਰਾਨ ਦੇਸ਼ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਮੇਨੀ ਦੀ ਫੁਟੇਜ ਪ੍ਰਸਾਰਿਤ ਕੀਤੀ ਗਈ। ਹੈਕਰਾਂ ਨੇ ਅੱਗ ਦੀਆਂ ਲਪਟਾਂ ਨਾਲ ਘਿਰੀ ਖਮੇਨੀ ਦੀ ਤਸਵੀਰ ਨੂੰ ਪ੍ਰਸਾਰਿਤ ਕੀਤਾ। ਇਸ ਦੇ ਕੈਪਸ਼ਨ 'ਚ ਲਿਖਿਆ ਕਿ ਤੁਹਾਡੇ ਪੰਜਿਆਂ 'ਚੋਂ ਸਾਡੇ ਨੌਜਵਾਨਾਂ ਦਾ ਖੂਨ ਟਪਕ ਰਿਹਾ ਹੈ।'' ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਜਿਸ 'ਚ ਦਰਜਨਾਂ ਲੋਕ ਦੇ ਮਾਰੇ ਜਾਣ ਅਤੇ ਸੈਂਕੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਅੰਦਾਜ਼ਾ ਹੈ।
ਮਨੁੱਖੀ ਅਧਿਕਾਰਾਂ ਦੇ ਨਿਗਰਾਨਾਂ ਨੇ ਕਿਹਾ ਕਿ ਕੁਰਦ ਬਹੁਗਿਣਤੀ ਵਾਲੇ ਉੱਤਰੀ ਖੇਤਰ ਦੇ ਸਨਦਾਜ ਸ਼ਹਿਰ ਦੀ ਇੱਕ ਪ੍ਰਮੁੱਖ ਸੜਕ 'ਤੇ ਸ਼ਨੀਵਾਰ ਨੂੰ ਇੱਕ ਕਾਰ ਵਿੱਚ ਸਵਾਰ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਫ੍ਰੈਂਚ ਸਥਿਤ ਕੁਰਦਿਸਤਾਨ ਹਿਊਮਨ ਰਾਈਟਸ ਨੈੱਟਵਰਕ ਅਤੇ ਹੈਂਗਾਵ ਆਰਗੇਨਾਈਜੇਸ਼ਨ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਵਿਅਕਤੀ ਨੂੰ ਉਦੋਂ ਗੋਲੀ ਮਾਰ ਦਿੱਤੀ ਗਈ ਜਦੋਂ ਉਸ ਨੇ ਸੜਕ 'ਤੇ ਤਾਇਨਾਤ ਸੁਰੱਖਿਆ ਬਲਾਂ ਦੇ ਸਾਹਮਣੇ ਹਾਰਨ ਵਜਾਇਆ। ਵਰਨਣਯੋਗ ਹੈ ਕਿ ਹਾਰਨ ਵਜਾਉਣਾ ਸਿਵਲ ਨਾ-ਫ਼ਰਮਾਨੀ ਦਾ ਇੱਕ ਰੂਪ ਬਣ ਗਿਆ ਹੈ। ਅਰਧ-ਸਰਕਾਰੀ ਫਾਰਸ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਕਿ ਕੁਰਦਿਸਤਾਨ ਦੇ ਪੁਲਸ ਮੁਖੀ ਨੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾਉਣ ਦੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ। ਮਨੁੱਖੀ ਅਧਿਕਾਰਾਂ ਦੇ ਰਾਖਿਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਸ਼ਹਿਰ ਵਿਚ ਭੀੜ ਨੂੰ ਖਿੰਡਾਉਣ ਲਈ ਗੋਲੀਬਾਰੀ ਕੀਤੀ, ਜਿਸ ਵਿਚ ਇਕ ਹੋਰ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼ 'ਚ ਮੁੜ ਹਿੰਦੂ ਮੰਦਰ 'ਤੇ ਹਮਲਾ, ਕੱਟੜਪੰਥੀਆਂ ਨੇ ਤੋੜੀ ਮਾਂ ਕਾਲੀ ਦੀ ਮੂਰਤੀ
ਸ਼ਨੀਵਾਰ ਨੂੰ ਰਾਜਧਾਨੀ ਤਹਿਰਾਨ ਵਿੱਚ ਵੀ ਪ੍ਰਦਰਸ਼ਨ ਹੋਏ। ਈਰਾਨ ਦੇ ਮੁੱਖ ਸਿੱਖਿਆ ਕੇਂਦਰ ਸ਼ਰੀਫ ਯੂਨੀਵਰਸਿਟੀ ਆਫ ਟੈਕਨਾਲੋਜੀ ਨੇੜੇ ਵੀ ਪ੍ਰਦਰਸ਼ਨ ਹੋਏ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਅਗਲੇ ਹੁਕਮਾਂ ਤੱਕ ਕੈਂਪਸ ਨੂੰ ਬੰਦ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਤਸਵੀਰਾਂ ਦੇ ਅਨੁਸਾਰ ਉੱਤਰ-ਪੂਰਬੀ ਸ਼ਹਿਰ ਮਸ਼ਾਦ ਵਿੱਚ ਵੀ ਪ੍ਰਦਰਸ਼ਨ ਹੋਏ। ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਤਹਿਰਾਨ ਵਿੱਚ ਅਲ-ਜ਼ਹਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਮੀਟਿੰਗ ਵਿੱਚ ਇੱਕ ਵਾਰ ਫਿਰ ਦੋਸ਼ ਲਾਇਆ ਕਿ ਪ੍ਰਦਰਸ਼ਨਾਂ ਨੂੰ ਭੜਕਾਉਣ ਵਿੱਚ ਵਿਦੇਸ਼ੀ ਦੁਸ਼ਮਣਾਂ ਦਾ ਹੱਥ ਸੀ। ਇਸ ਦੌਰਾਨ ਨੀਦਰਲੈਂਡ ਦੇ ਹੇਗ 'ਚ ਹਜ਼ਾਰਾਂ ਲੋਕਾਂ ਨੇ ਈਰਾਨ 'ਚ ਪ੍ਰਦਰਸ਼ਨਕਾਰੀਆਂ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ।