''ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਹੋਰ ਵਿਕਸਿਤ ਕਰਨ ਦੀ ਮੰਗ''
Friday, Aug 30, 2024 - 02:09 PM (IST)
ਨਿਊਯਾਰਕ (ਰਾਜ ਗੋਗਨਾ)- ਪੰਜਾਬ ਸਰਕਾਰ ਵੱਲੋਂ ਹਾਲ ਵਿੱਚ ਹੀ ਪ੍ਰਵਾਸੀ ਪੰਜਾਬੀਆਂ ਨੂੰ ਦਿੱਲੀ ਹਵਾਈ ਅੱਡੇ 'ਤੇ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਇਕ ਸਹਾਇਤਾ ਕੇਂਦਰ ਸਥਾਪਿਤ ਕੀਤੇ ਜਾਣ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ ਨੂੰ ਹੋਰ ਵਿਕਸਿਤ ਅਤੇ ਉਡਾਣਾਂ ਸ਼ੁਰੂ ਕਰਾਉਣ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਬਿਆਨ ਜਾਰੀ ਕੀਤਾ ਹੈ। ਬਿਆਨ ਵਿਚ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੀ ਮਾਨ ਸਰਕਾਰ ਸਿਫਤੀ ਦੇ ਘਰ ਅੰਮ੍ਰਿਤਸਰ ਅਤੇ ਪੰਜਾਬ ਦੇ ਸਭ ਤੋਂ ਵੱਡੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਵਿਤਕਰਾ ਕਰਕੇ ਇਸ ਨੂੰ ਪੂਰੀ ਤਰਾਂ ਨਜ਼ਰ-ਅੰਦਾਜ਼ ਕਰ ਰਹੀ ਹੈ। ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ (ਕੈਨੇਡਾ), ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ (ਅਮਰੀਕਾ) ਅਤੇ ਭਾਰਤ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਇੱਕ ਸਾਂਝੇ ਬਿਆਨ ‘ਚ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸੂਬਾ ਸਰਕਾਰ ਵੱਲੋਂ ਜਿਹੜੀਆਂ ਸੰਬੰਧਤ ਸਹੂਲਤਾਂ ਮਿਲ਼ਣੀਆਂ ਚਾਹੀਦੀਆਂ ਹਨ, ਉਨ੍ਹਾਂ ਦੇ ਬਾਬਤ ਉਹ ਜਲਦ ਹੀ ਲੋੜੀਂਦੇ ਕਦਮ ਚੁੱਕੇ।
ਬੜੀ ਹੈਰਾਨੀ ‘ਤੇ ਚਿੰਤਾਂ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਭਾਰਤ ਦਾ ਇੱਕੋ ਇੱਕ ਅਜਿਹਾ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਜਿੱਥੇ ਸੂਬਾ ਸਰਕਾਰ ਨੇ ਬੱਸ ਸੇਵਾ ਦਾ ਪ੍ਰਬੰਧ ਨਹੀਂ ਕੀਤਾ ਹੈ। ਇਸ ਦੇ ਉਲਟ ਪੰਜਾਬ ਸਰਕਾਰ ਨੇ ਦਿੱਲੀ ਹਵਾਈ ਅੱਡੇ ਲਈ ਪੰਜਾਬ ਤੋਂ ਵੋਲਵੋ ਬੱਸ ਸੇਵਾ ਅਤੇ ਹੁਣ ਨਵੇਂ ਖੋਲ੍ਹੇ ਗਏ ਸਹਾਇਤਾ ਕੇਂਦਰ 'ਤੇ ਤਿੰਨ ਮੁਲਾਜ਼ਮ ਅਤੇ ਦੋ ਗੱਡੀਆਂ ਹਰ ਵੇਲੇ ਤਾਇਨਾਤ ਕਰਨ ਦਾ ਦਾਅਵਾ ਕੀਤਾ ਹੈ।ਇਨੀਸ਼ੀਏਟਿਵ ਦੇ ਆਗੂਆਂ ਨੇ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਸ਼ਹਿਰ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੱਕ ਬੱਸਾਂ ਚਲਾਉਣ ਲਈ ਪੰਜਾਬ ਸਰਕਾਰ ਨੂੰ ਕਿਸੇ ਤੋਂ ਮਨਜ਼ੂਰੀ ਲੈਣ ਦੀ ਕੋਈ ਲੋੜ ਨਹੀਂ ਹੈ, ਅਜਿਹਾ ਕੰਮ ਸਰਕਾਰ ਆਪਣੇ ਪੱਧਰ 'ਤੇ ਕਰ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹੁਣ UAE ਦੀਆਂ ਸੜਕਾਂ 'ਤੇ ਦਿਸੇਗਾ ਕੇਜਰੀਵਾਲ ਦਾ ਫਾਰਮੂਲਾ, ਕਰੋੜਾਂ ਲੋਕ ਹੋਣਗੇ ਪ੍ਰਭਾਵਿਤ
ਇਸ ਨਾਲ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨ ਵਾਲੇ ਬਹੁਤ ਸਾਰੇ ਯਾਤਰੀ ਜਿਸ ਵਿੱਚ ਵੱਡੀ ਗਿਣਤੀ ਹੁਣ ਪ੍ਰਵਾਸੀ ਪੰਜਾਬੀਆਂ ਦੀ ਵੀ ਹੈ, ਸਸਤੇ ਵਿੱਚ ਆਪਣੇ ਘਰਾਂ ਤੱਕ ਪਹੁੰਚ ਸਕਣਗੇ ਅਤੇ ਅੰਮ੍ਰਿਤਸਰ ਤੋਂ ਹੋਰ ਉਡਾਣਾਂ ਲੈਣ ਲਈ ਉਤਸ਼ਾਹਿਤ ਹੋਣਗੇ। ਏਅਰਪੋਰਟ ਤੋਂ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਵਾਹਗਾ ਬਾਰਡਰ ਅਤੇ ਸ਼ਹਿਰ ਦੀਆਂ ਹੋਰਨਾਂ ਕਈ ਥਾਵਾਂ ਲਈ ਵੀ ਸੈਲਾਨੀ ਏਅਰਪੋਰਟ ਤੋਂ ਆ ਜਾ ਸਕਦੇ ਹਨ।ਪਿਛਲੇ ਕਈ ਸਾਲਾਂ ਤੋਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸਮੇਂ-ਸਮੇਂ ਬੇਨਤੀ ਕੀਤੀ ਜਾਂਦੀ ਰਹੀ ਹੈ, ਕਈ ਚਿੱਠੀਆਂ ਵੀ ਲਿਖੀਆਂ ਜਾ ਚੁੱਕੀਆਂ ਹਨ, ਪਰ ਸਰਕਾਰ ਨੇ ਮੰਗਾਂ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ ਹੈ। ਇਸ ਸਭ ਤੋਂ ਇਹੀ ਜਾਹਰ ਹੁੰਦਾ ਹੈ ਕਿ ਸਿਫਤੀ ਦੇ ਘਰ, ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਏਅਰਪੋਰਟ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਹਵਾਈ ਅੱਡੇ ਤੋਂ ਰੋਜਾਨਾਂ ਔਸਤਨ 65 ਤੋਂ 70 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਹਨ ਅਤੇ 10,000 ਤੋਂ ਵੱਧ ਯਾਤਰੀਆਂ ਦੀ ਆਵਾਜਾਈ ਹੋ ਰਹੀ ਹੈ। ਇੱਥੋਂ ਭਾਰਤ ਦੇ 10 ਅਤੇ 9 ਵਿਦੇਸ਼ੀ ਹਵਾਈ ਅੱਡਿਆਂ ਜਿਨ੍ਹਾਂ ਵਿਚ ਲੰਡਨ, ਬਰਮਿੰਘਮ, ਮਿਲਾਨ ਮਿਲਪੇਨਸਾ, ਮਿਲਾਨ ਬਰਗਾਮੋ, ਰੋਮ, ਸਿੰਗਾਪੁਰ, ਕੁਆਲਾਲੰਪੂਰ, ਦੋਹਾ, ਸ਼ਾਰਜਾਹ, ਦੁਬਈ ਲਈ ਉਡਾਣਾਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।