ਸਿੱਖਸ ਆਫ ਅਮੈਰਿਕਾ ਦੇ ਵਫ਼ਦ ਨੇ ਜੈਸ਼ੰਕਰ ਨਾਲ ਕੀਤੀ ਮੁਲਾਕਾਤ, PM ਮੋਦੀ ਦੇ ਨਾਮ ਸੌਂਪਿਆ ਪੱਤਰ

Monday, Sep 26, 2022 - 09:53 AM (IST)

ਸਿੱਖਸ ਆਫ ਅਮੈਰਿਕਾ ਦੇ ਵਫ਼ਦ ਨੇ ਜੈਸ਼ੰਕਰ ਨਾਲ ਕੀਤੀ ਮੁਲਾਕਾਤ, PM ਮੋਦੀ ਦੇ ਨਾਮ ਸੌਂਪਿਆ ਪੱਤਰ

ਵਾਸ਼ਿੰਗਟਨ (ਰਾਜ ਗੋਗਨਾ): ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਮਰੀਕਾ ਦੇ ਦੌਰੇ ’ਤੇ ਹਨ। ਬੀਤੇ ਦਿਨ ਵਾਸ਼ਿੰਗਟਨ ਡੀ.ਸੀ. ਵਿਖੇ ਸਿੱਖਸ ਆਫ ਅਮੈਰਿਕਾ ਦਾ ਇਕ ਵਫ਼ਦ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਮਿਲਿਆ। ਇਸ ਵਫ਼ਦ ਵਿਚ ਚੇਅਰਮੈਨ ਜਸਦੀਪ ਸਿੰਘ ਜੱਸੀ, ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਮੀਤ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ, ਗੁਰਵਿੰਦਰ ਸਿੰਘ ਸੇਠੀ, ਰਤਨ ਸਿੰਘ, ਵਰਿੰਦਰ ਸਿੰਘ, ਸੁਖਪਾਲ ਸਿੰਘ ਧਨੋਆ, ਚੱਤਰ  ਸਿੰਘ ਸੈਣੀ, ਡਾ. ਦਰਸ਼ਨ ਸਿੰਘ ਸਲੂਜਾ, ਮੀਤਾ ਸਲੂਜਾ, ਬਲਦੇਵ ਸਿੰਘ ਕੰਗ (ਕੈਲੀਫੋਰਨੀਆਂ ਦੇ ਉੱਘੇ ਕਾਰੋਬਾਰੀ), ਸਰਬਜੀਤ ਸਿੰਘ ਬਖਸ਼ੀ ਸ਼ਾਮਿਲ ਸਨ। 

PunjabKesari

ਸਿੱਖਸ ਆਫ ਅਮੈਰਿਕਾ ਦੇ ਵਫ਼ਦ ਨੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਦਾ ਸਵਾਗਤ ਕਰਦਿਆਂ ਜ਼ਿਕਰ ਕੀਤਾ ਕਿ ਸੰਨ 2014 ਵਿੱਚ ਜਦੋਂ ਉਹ ਅਮਰੀਕਾ ਦੇ ਅੰਬੈਸਡਰ ਸਨ ਤਾਂ ਉਹਨਾਂ ਪਹਿਲੀ ਵਾਰ ਸਿੱਖਾਂ ਦੇ ਵਫ਼ਦ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਵਾਈ ਸੀ। ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦੇ ਵਫਦ ਨਾਲ ਕਾਲੀ ਸੂਚੀ ਖ਼ਤਮ ਕਰਨ ਅਤੇ '84 ਦੇ ਦਿੱਲੀ ਸਿੱਖ ਕਤਲੇਆਮ ਸਬੰਧੀ ਸਿੱਟ ਬਣਾਉਣ ਦਾ ਵਾਅਦਾ ਕੀਤਾ ਸੀ ਅਤੇ ਬਾਅਦ ਵਿਚ ਉਹ ਵਾਅਦਾ ਪੂਰਾ ਵੀ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਗ੍ਰੀਨ ਕਾਰਡ ਦੀ ਪ੍ਰਕਿਰਿਆ ਦੇ ਸਮੇਂ ਨੂੰ ਘਟਾਉਣ 'ਤੇ ਵਿਚਾਰ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਇਸ ਮੌਕੇ ਸਿੱਖਸ ਆਫ ਅਮੈਰਿਕਾ ਦੇ ਵਫਦ ਨੇ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇਕ ਪੱਤਰ ਸੌਂਪਿਆ। ਪੱਤਰ ਪ੍ਰਾਪਤ ਕਰਨ ਉਪਰੰਤ ਐੱਸ. ਜੈਸ਼ੰਕਰ ਨੇ ਕਿਹਾ ਕਿ ਉਹ ਸਿੱਖਸ ਆਫ ਅਮੈਰਿਕਾ ਦਾ ਇਹ ਸੁਨੇਹਾ ਪ੍ਰਧਾਨ ਮੰਤਰੀ ਤੱਕ ਜ਼ਰੂਰ ਪਹੁੰਚਾ ਦੇਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਵੀ ਸਿੱਖਾਂ ਦੀਆਂ ਮੰਗਾਂ ਮੰਨੀਆਂ ਅਤੇ ਇਸ ਉੱਪਰ ਵੀ ਗੌਰ ਕੀਤਾ ਜਾਵੇਗਾ। ਅੰਤ ਵਿਚ ਸਿੱਖਸ ਆਫ ਅਮੈਰਿਕਾ ਵਲੋਂ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਨੇ ਐੱਸ. ਜੈਸ਼ੰਕਰ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News