ਕੈਲਗਰੀ ਤੋਂ ਭਾਰਤੀ ਮੂਲ ਦੇ ਐੱਮ.ਪੀ. ਦੀਪਕ ਓਬਰਾਏ ਦਾ ਦਿਹਾਂਤ

08/04/2019 9:23:32 AM

ਕੈਲਗਰੀ— ਕੈਨੇਡਾ 'ਚ ਕੈਲਗਰੀ ਤੋਂ ਭਾਰਤੀ ਮੂਲ ਦੇ ਕੰਜ਼ਰਵੇਟਿਵ ਐੱਮ. ਪੀ. ਦੀਪਕ ਓਬਰਾਏ ਦਾ 69 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਹ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸਨ ਤੇ ਬੀਤੇ ਦਿਨ ਉਨ੍ਹਾਂ ਨੇ ਹਸਪਤਾਲ 'ਚ ਆਖਰੀ ਸਾਹ ਲਏ। ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ 'ਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਰਿਹਾ। ਉਨ੍ਹਾਂ ਦਾ ਜਨਮ 1950 'ਚ ਹੋਇਆ ਸੀ ਤੇ ਉਨ੍ਹਾਂ ਭਾਰਤ ਅਤੇ ਅਫਰੀਕਾ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ। 

1995 'ਚ ਉਹ ਕੈਲਗਰੀ ਮੈਕੌਲ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਐੱਮ. ਐੱਲ. ਏ. ਲਈ ਲੜੀ ਗਈ ਚੋਣ ਹਾਰ ਗਏ ਸਨ ਪਰ ਉਨ੍ਹਾਂ ਨੇ ਕਦੇ ਹਾਰ ਨਾ ਮੰਨੀ। 1997 'ਚ ਉਹ ਕੈਲਗਰੀ ਈਸਟ ਅਤੇ ਫਿਰ 2015 ਤੋਂ ਕੈਲਗਰੀ ਫੌਰੈਸਟ ਲੋਨ ਤੋਂ ਲਗਾਤਾਰ ਫੈਡਰਲ ਚੋਣਾਂ ਜਿੱਤਦੇ ਰਹੇ। ਭਾਰਤੀ ਮੂਲ ਦੇ ਦੀਪਕ ਸਭ ਤੋਂ ਲੰਬੇ ਸਮੇਂ ਤਕ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਰਹੇ। ਕਈ ਸਾਲਾਂ ਤਕ ਉਨ੍ਹਾਂ ਨੇ ਵਿਦੇਸ਼ ਮੰਤਰੀ ਦੇ ਪਾਰਲੀਮੈਂਟ ਸੈਕਟਰੀ ਵਜੋਂ ਵੀ ਸੇਵਾਵਾਂ ਨਿਭਾਈਆਂ। ਉਨ੍ਹਾਂ ਦੇ ਦਿਹਾਂਤ 'ਤੇ ਭਾਰਤੀ ਭਾਈਚਾਰੇ ਸਮੇਤ ਕੈਨੇਡੀਅਨ ਲੋਕਾਂ 'ਚ ਵੀ ਦੁੱਖ ਪੱਸਰ ਗਿਆ ਹੈ। ਭਾਰਤੀ ਹਾਈ ਕਮਿਸ਼ਨਰ ਵਿਕਾਸ ਸਵਰੂਪ ਨੇ ਟਵੀਟ ਕਰਕੇ ਦੁੱਖ ਪ੍ਰਗਟਾਇਆ।

ਉਨ੍ਹਾਂ ਕਿਹਾ,''ਦੀਪਕ ਓਬਰਾਏ ਦੇ ਦਿਹਾਂਤ ਦੀ ਖਬਰ ਸੁਣ ਕੇ ਬਹੁਤ ਦੁੱਖ ਲੱਗਾ। ਉਹ ਇਕ ਮਹਾਨ ਸੰਸਦ ਮੈਂਬਰ, ਲੰਬੇ ਸਮੇਂ ਤਕ ਕੰਜ਼ਰਵੇਟਿਵ ਪਾਰਟੀ ਦੇ ਐੱਮ. ਪੀ. ਭਾਰਤ ਦੇ ਚੰਗੇ ਦੋਸਤ, 'ਪ੍ਰਵਾਸੀ ਭਾਰਤੀ ਸਨਮਾਨ' ਦੇ ਸਨਮਾਨਯੋਗ ਮੈਂਬਰ ਰਹੇ ਹਨ। ਉਨ੍ਹਾਂ ਦੇ ਪਰਿਵਾਰ ਨਾਲ ਦਿਲੋਂ ਦੁੱਖ ਸਾਂਝਾ ਕਰ ਰਹੇ ਹਾਂ।''। ਫੈਡਰਲ ਕੰਜ਼ਰਵੇਟਿਵ ਲੀਡਰ ਐਂਡਰੀਊ ਸ਼ੀਅਰ ਨੇ ਵੀ ਇਸ ਦੁੱਖ ਦੀ ਘੜੀ 'ਤੇ ਅਫਸੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਦੀਪਕ ਵਲੋਂ ਕੀਤੇ ਗਏ ਕੰਮਾਂ ਨੂੰ ਕੋਈ ਭੁਲਾ ਨਹੀਂ ਸਕਦਾ, ਉਨ੍ਹਾਂ ਨੇ ਆਪਣੇ ਇਲਾਕੇ ਦੇ ਵਿਕਾਸ 'ਚ ਵੱਡਾ ਯੋਗਦਾਨ ਪਾਇਆ ਸੀ।


Related News