ਸਲੋਹ ’ਚ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ’ਤੇ ਸਜਾਇਆ ਨਗਰ ਕੀਰਤਨ
Sunday, Apr 24, 2022 - 09:32 PM (IST)
ਸਲੋਹ (ਸਰਬਜੀਤ ਸਿੰਘ ਬਨੂੜ)-ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ’ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਤੇ ਰਾਮਗੜ੍ਹੀਆ ਸਿੱਖ ਗੁਰਦੁਆਰਾ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ’ਚ ਹਜ਼ਾਰਾਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਸ਼ਾਮਿਲ ਹੋਈਆਂ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਸ਼ੀਹੀ ਵੇਅ ਤੋਂ ਨਗਰ ਕੀਰਤਨ ਪੰਜ ਨਿਸ਼ਾਨਚੀਆਂ, ਪੰਜ ਪਿਆਰਿਆਂ ਦੀ ਅਗਵਾਈ ਤੇ ਸ਼ਬਦ ਗੁਰੂ ਦੀ ਛਤਰ-ਛਾਇਆ ਹੇਠ ਆਰੰਭ ਹੋਇਆ। ਨਗਰ ਕੀਰਤਨ ’ਚ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੋਹਣੇ ਫੁੱਲਾਂ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਵਾਲੇ ਟਰੱਕ ਦੇ ਪਿੱਛੇ ਤੁਰ ਰਹੀਆਂ ਸਨ।
ਇਹ ਵੀ ਪੜ੍ਹੋ : ਪੁਲਵਾਮਾ ’ਚ ਲਸ਼ਕਰ ਦੇ 3 ਅੱਤਵਾਦੀ ਢੇਰ
ਕੋਰੋਨਾ ਮਹਾਮਾਰੀ ਦੇ ਭਿਆਨਕ ਕਹਿਰ ਤੋਂ ਦੋ ਸਾਲ ਬਾਅਦ ਪਹਿਲੇ ਨਗਰ ਕੀਰਤਨ ’ਚ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੇੜਲੇ ਇਲਾਕਿਆਂ ’ਚੋਂ ਹੁੰਮ-ਹੁਮਾ ਕੇ ਪਹੁੰਚੀਆਂ ਹੋਈਆਂ ਸਨ। ਇਸ ਮੌਕੇ ਸੰਗਤਾਂ ਨੇ ਨਗਰ ਕੀਰਤਨ ਦੇ ਰਸਤੇ ’ਚ ਥਾਂ-ਥਾਂ ’ਤੇ ਲੰਗਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਰਸਤਿਆਂ ਤੋਂ ਹੁੰਦਾ ਹੋਇਆ ਰਾਮਗੜ੍ਹੀਆ ਸਿੱਖ ਗੁਰਦੁਆਰਾ ਵੁਡਲੈਂਡ ਐਵੇਨਿਊ ਵਿਖੇ ਸਮਾਪਤ ਹੋਇਆ। ਸਭਾ ਦੇ ਗ੍ਰੰਥੀ ਸਿੰਘ ਵੱਲੋਂ ਸਮਾਪਤੀ ਦੀ ਅਰਦਾਸ ਕੀਤੀ ਗਈ।
ਇਹ ਵੀ ਪੜ੍ਹੋ : ਲੀਵਰ ਦੀ ਰਹੱਸਮਈ ਬੀਮਾਰੀ ਨਾਲ ਇਕ ਬੱਚੇ ਦੀ ਮੌਤ : WHO
ਇਸ ਮੌਕੇ ਸਲੋਹ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਪਰਮਜੀਤ ਸਿੰਘ ਢੇਸੀ, ਰਾਮਗੜ੍ਹੀਆ ਸਿੱਖ ਗੁਰਦੁਆਰੇ ਦੇ ਸਾਬਕਾ ਪ੍ਰਧਾਨ ਤੇ ਕੌਂਸਲਰ ਹਰਜਿੰਦਰ ਸਿੰਘ ਗਹੀਰ, ਪਿੰਗਲਵਾੜਾ ਟਰੱਸਟ ਦੇ ਜੁਗਰਾਜ ਸਿੰਘ ਸਰਾਂ, ਬਲਜਿੰਦਰ ਸਿੰਘ ਜੌਹਲ, ਇੰਦਰਜੀਤ ਸਿੰਘ ਭੂਈ, ਅਮਰਜੀਤ ਸਿੰਘ ਭੱਚੂ, ਅਵਤਾਰ ਸਿੰਘ ਰਾਏ, ਬਲਦੀਪ ਸਿੰਘ ਚੰਨਾ, ਬੌਬੀ ਜੁਟਲਾ, ਅਵਤਾਰ ਸਿੰਘ ਰਾਏ, ਰੁਪਿੰਦਰ ਸਿੰਘ ਪੱਡਾ, ਕੌਂਸਲਰ ਜੋਗਿੰਦਰ ਸਿੰਘ ਬੱਲ, ਕੌਂਸਲਰ ਕਮਲਜੀਤ ਕੌਰ, ਕੌਂਸਲਰ ਬਲਜਿੰਦਰ ਕੌਰ, ਕੌਂਸਲਰ ਫਿਜ਼ਾ ਮਤਲੂਬ, ਸਲੋਹ ਮੇਅਰ ਮੁਹੰਮਦ ਨਜ਼ੀਰ, ਕੌਂਸਲਰ ਤੇ ਸਲੋਹ ਲੇਬਰ ਲੀਡਰ ਜੈਮਸ, ਸੀਤਲ ਸਿੰਘ ਲਾਲ, ਖ਼ਾਲਸਾ ਏਡ ਦੇ ਚੇਅਰਮੈਨ ਰਵੀ ਸਿੰਘ, ਸਿੱਖ ਫੈੱਡਰੇਸ਼ਨ ਦੇ ਸੀਨੀਅਰ ਆਗੂ ਦਵਿੰਦਰਜੀਤ ਸਿੰਘ, ਜਸਪਾਲ ਸਿੰਘ ਸਲੋਹ ਆਦਿ ਨੇ ਸੰਗਤਾਂ ਨੂੰ ਵਿਸਾਖੀ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ : ਬ੍ਰਿਟੇਨ ਨੇ ਯੂਕ੍ਰੇਨ ਨੂੰ ਰੂਸ ਨਾਲ ਮੁਕਾਬਲਾ ਕਰਨ ਲਈ ਹੋਰ ਫੌਜੀ ਸਹਾਇਤਾ ਦੇਣ ਦਾ ਕੀਤਾ ਵਾਅਦਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ