ਔਰਤਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਦਾ ਖਤਰਾ ਵੱਧ : ਅਧਿਐਨ

07/16/2018 6:43:22 PM

ਟੋਰਾਂਟੋ (ਭਾਸ਼ਾ)— ਦਿਲ ਦਾ ਦੌਰਾ ਪੈਣ ਕਾਰਨ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਮੌਤ ਹੋਣ ਦਾ ਖਤਰਾ ਵੱਧ ਹੁੰਦਾ ਹੈ। ਕੈਨੇਡਾ ਵਿਚ ਕੀਤੇ ਗਏ ਇਕ ਨਵੇਂ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਹਸਪਤਾਲ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਵਿਚ ਔਰਤਾਂ ਦੀ ਗਿਣਤੀ ਵਧ ਰਹੀ ਹੈ, ਜਦਕਿ ਪੁਰਸ਼ਾਂ ਦੀ ਗਿਣਤੀ ਘੱਟ ਹੋ ਰਹੀ ਹੈ। 
ਕੈਨੇਡਾ ਦੀ ਯੂਨੀਵਰਸਿਟੀ ਆਫ ਓਟਾਵਾ ਹਾਰਟ ਇੰਸਟੀਚਿਊਟ ਦੇ ਲੁਈਸ ਸਨ ਨੇ ਕਿਹਾ ਕਿ ਸ਼ੋਧ ਦੀ ਲੜੀ ਵਿਚ ਇਹ ਪਹਿਲਾ ਅਧਿਐਨ ਹੈ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ ਵਿਚ ਪ੍ਰਕਾਸ਼ਤ ਅਧਿਐਨ ਮੁਤਾਬਕ ਔਰਤਾਂ ਵਿਚ ਦਿਲ ਦੀ ਬੀਮਾਰੀ ਕਾਰਨ ਹੋਣ ਵਾਲੀਆਂ ਮੌਤਾਂ 'ਚ 35 ਫੀਸਦੀ ਮੌਤਾਂ ਦੀ ਮੁੱਖ ਵਜ੍ਹਾ ਦਿਲ ਦਾ ਦੌਰਾ ਹੈ। ਹਾਲ 'ਚ ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਦਿਲ ਦੇ ਦੌਰੇ ਕਾਰਨ ਹੋਈਆਂ ਮੌਤਾਂ ਦੀ ਦਰ 'ਚ ਕਮੀ ਆਈ ਹੈ। ਫਿਲਹਾਲ ਔਰਤਾਂ ਅਤੇ ਪੁਰਸ਼ਾਂ ਵਿਚ ਦਿਲ ਦਾ ਦੌਰਾ ਪੈਣ ਕਾਰਨ ਹੋਈਆਂ ਮੌਤਾਂ ਵਿਚ ਫਰਕ ਪਾਇਆ ਗਿਆ। 
ਸ਼ੋਧਕਰਤਾਵਾਂ ਨੇ ਓਂਟਾਰੀਓ 'ਚ 2009 ਅਤੇ 2014 ਦੇ ਦਰਮਿਆਨ ਤਕਰੀਬਨ 90,000 ਮਰੀਜ਼ਾਂ ਨੂੰ ਲੈ ਕੇ ਇਕ ਡਾਟਾ ਇਕੱਠਾ ਕੀਤਾ, ਜਿਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਨ੍ਹਾਂ 'ਚੋਂ ਬਹੁਤ ਸਾਰੇ ਮਰੀਜ਼ਾਂ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ ਜਾਂ ਇੰਝ ਕਹਿ ਲਿਆ ਜਾਵੇ ਕਿ ਉਨ੍ਹਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ ਹੋ ਗਈ। ਅਧਿਐਨ ਵਿਚ ਦੇਖਿਆ ਗਿਆ ਕਿ ਇਕ ਸਾਲ ਵਿਚ 16.8 ਫੀਸਦੀ ਔਰਤਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ, ਜਦ ਕਿ ਪੁਰਸ਼ਾਂ ਦੀ ਇਹ ਗਿਣਤੀ ਸਿਰਫ 14.9 ਫੀਸਦੀ ਸੀ।


Related News