ਅਮਰੀਕਾ ''ਚ ਨਦੀ ਕੰਢੇ ਮਿਲੀਆਂ ਸਾਊਦੀ ਦੀਆਂ 2 ਲਾਪਤਾ ਭੈਣਾਂ ਦੀਆਂ ਲਾਸ਼ਾਂ
Thursday, Nov 01, 2018 - 02:50 AM (IST)

ਨਿਊਯਾਰਕ — ਅਮਰੀਕਾ ਦੇ ਨਿਊਯਾਰਕ 'ਚ ਸਾਊਦੀ ਮੂਲ ਦੀਆਂ ਸਕੀਆਂ ਭੈਣਾਂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਭੈਣਾਂ ਦੀਆਂ ਲਾਸ਼ਾਂ ਨਿਊਯਾਰਕ ਸ਼ਹਿਰ ਦੇ ਮੈਨਹੱਟਨ ਨਦੀ ਦੇ ਕੰਢੇ ਬੰਨ੍ਹੀਆਂ ਹੋਈਆਂ ਮਿਲੀਆਂ ਹਨ। ਦੋਹਾਂ ਦੀ ਪਛਾਣ ਰੇਟਾਨਾ ਫੇਰੀਆ (22) ਅਤੇ ਟਾਲਾ ਫੇਰੀਆ (16) ਦੇ ਤੌਰ 'ਤੇ ਹੋਈ ਹੈ। ਪੁਲਸ ਸਾਊਦੀ ਅਰਬ ਦੀਆਂ 2 ਭੈਣਾਂ ਦੀ ਰਹੱਸਮਈ ਮੌਤ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਦੇ ਸਰੀਰ ਪਿਛਲੇ ਹਫਤੇ ਨਿਊਯਾਰਕ ਸ਼ਹਿਰ ਦੇ ਵਾਟਰਫ੍ਰੰਟ 'ਤੇ ਟੇਪ ਨਾਲ ਬੰਨ੍ਹੇ ਮਿਲੇ ਸਨ। ਪੁਲਸ ਅਜੇ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਦੋਹਾਂ ਭੈਣਾਂ ਦੀ ਹੱਤਿਆ ਕਿਉਂ ਕੀਤੀ ਗਈ।
ਲਾਸ਼ਾਂ 'ਤੇ ਕੋਈ ਵੀ ਸੱਟ ਦੇ ਨਿਸ਼ਾਨ ਨਹੀਂ ਮਿਲੇ। ਦੋਹਾਂ ਭੈਣਾਂ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ, ਡ੍ਰੈੱਸ 'ਚ ਫਰ-ਟ੍ਰਿਮ ਕਾਲਰ ਸਨ ਜਿਨ੍ਹਾਂ ਨੂੰ ਆਪਸ 'ਚ ਬੰਨ੍ਹਿਆ ਹੋਇਆ ਸੀ। ਉਹ ਮੂਲ ਰੂਪ ਤੋਂ ਸਾਊਦੀ ਅਰਬ ਦੀਆਂ ਰਹਿਣ ਵਾਲੀਆਂ ਸਨ। ਉਨ੍ਹਾਂ ਦਾ ਪਰਿਵਾਰ ਵਰਜੀਨੀਆ ਦੇ ਫੇਅਰਫੈਕਸ 'ਚ ਰਹਿੰਦਾ ਹੈ। ਘਟਨਾ ਵਾਲੀ ਥਾਂ ਅਤੇ ਉਨ੍ਹਾਂ ਦੇ ਘਰ ਵਿਚਾਲੇ 225 ਮੀਲ ਦੂਰੀ ਹੈ। ਪੁਲਸ ਨੇ ਦੱਸਿਆ ਕਿ ਦੋਹਾਂ ਦੀਆਂ ਲਾਸ਼ਾਂ 'ਤੇ ਇਕ ਟੇਪ ਬੰਨ੍ਹੀ ਹੋਈ ਸੀ ਅਤੇ ਚਿਹਰੇ ਇਕ-ਦੂਜੇ ਦੇ ਸਾਹਮਣੇ ਸਨ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ 24 ਅਗਸਤ ਨੂੰ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟੇਡ ਚਿਲਡ੍ਰਨ 'ਚ ਟਾਲਾ ਫੇਰੀਆ ਦੇ ਗਾਇਬ ਹੋਣ ਦੀ ਰਿਪੋਰਟ ਦਰਜ ਕਰਾਈ ਸੀ ਪਰ ਬਾਅਦ 'ਚ ਰਿਪੋਰਟ ਵਾਪਸ ਲੈ ਲਈ ਗਈ, ਜਦੋਂ ਦਾਅਵਾ ਕੀਤਾ ਗਿਆ ਸੀ ਕਿ ਟਾਲਾ ਨਿਊਯਾਰਕ 'ਚ ਆਪਣੀ ਵੱਡੀ ਭੈਣ ਦੇ ਨਾਲ ਰਹਿ ਰਹੀ ਹੈ। ਨਿਊਯਾਰਕ ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਮਾਮਲੇ 'ਚ ਦੋਹਾਂ ਮ੍ਰਿਤਕ ਕੁੜੀਆਂ ਦੀ ਮਾਂ ਨੇ ਆਖਿਆ ਕਿ ਉਨ੍ਹਾਂ ਨੂੰ ਸਾਊਦੀ ਅਰਬ ਦੂਤਘਰ ਦੇ ਇਕ ਅਧਿਕਾਰੀ ਤੋਂ ਫੋਨ ਆਇਆ ਜਿਸ ਨਾਲ ਪਰਿਵਾਰ ਨੂੰ ਯੂ. ਐੱਸ. ਛੱਡਣ ਦਾ ਆਦੇਸ਼ ਦਿੱਤਾ ਗਿਆ ਕਿਉਂਕਿ ਉਨ੍ਹਾਂ ਦੀ ਧੀਆਂ ਦੇ ਸਿਆਸੀ ਸ਼ਰਣ ਲਈ ਅਪਲਾਈ ਕੀਤਾ ਸੀ।
ਵਾਸ਼ਿੰਗਟਨ ਸਥਿਤ ਸਾਊਦੀ ਦੂਤਘਰ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਭੈਣਾਂ ਦੇ ਬਾਰੇ 'ਚ ਹੋਰ ਜਾਣਨ ਲਈ ਨਿਊਯਾਰਕ ਸਿਟੀ ਪੁਲਸ ਨੇ ਵਰਜੀਨੀਆ ਨੂੰ ਜਾਸੂਸ ਭੇਜੇ ਹਨ। ਡਿਟੇਕਟਿਵ ਦੇ ਚੀਫ ਨੇ ਕਿਹਾ ਕਿ ਉਹ ਵਿਸੇਸ਼ ਰੂਪ ਤੋਂ ਇਹ ਜਾਣਨ 'ਚ ਲੱਗੇ ਹਨ ਕਿ ਲਾਪਤਾ ਹੋਣ ਤੋਂ ਪਹਿਲਾਂ ਸਥਿਤੀ ਕੀ ਸੀ ਅਤੇ ਨਿਊਯਾਰਕ 'ਚ ਆਉਣ ਤੋਂ ਬਾਅਦ ਉਨ੍ਹਾਂ ਦੇ ਨਾਲ ਕੀ ਹੋਇਆ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਦੋਹਾਂ ਭੈਣਾਂ ਨੇ ਕਿਤੇ ਆਤਮ ਹੱਤਿਆ ਤਾਂ ਨਹੀਂ ਕੀਤੀ। ਅਜਿਹਾ ਹੋ ਸਕਦਾ ਹੈ ਕਿ ਦੋਹਾਂ ਨੇ ਜਿਓਰਜ ਵਾਸ਼ਿੰਗਟਨ ਬ੍ਰਿਜ (ਪੁਲ) ਤੋਂ ਛਾਲ ਮਾਰ ਦਿੱਤੀ ਹੋਵੇ। ਇਸ ਪੁਲਸ ਕੋਲ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ।