ਚੀਨ ''ਚੋਂ ਲਿਆਂਦੇ ਆਸਟ੍ਰੇਲੀਅਨਜ਼ ਅੱਜ ਜਾਣਗੇ ਆਪਣੇ ਘਰ, ਸਾਂਝੀ ਕੀਤੀ ਖੁਸ਼ੀ

02/23/2020 3:36:45 PM

ਵਿਕਟੋਰੀਆ— ਚੀਨ 'ਚ ਕੋਰੋਨਾ ਵਾਇਰਸ ਫੈਲਣ ਕਾਰਨ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢ ਲਿਆ ਸੀ। ਆਸਟ੍ਰੇਲੀਆ ਨੇ ਆਪਣੇ ਜਿਨ੍ਹਾਂ ਨਾਗਰਿਕਾਂ ਨੂੰ ਇੱਥੋਂ ਸੁਰੱਖਿਅਤ ਕੱਢਿਆ ਸੀ, ਉਨ੍ਹਾਂ ਨੂੰ 14 ਦਿਨਾਂ ਤਕ ਡਾਰਵਿਨ ਦੇ ਹੋਵਾਰਡ ਸਪਰਿੰਗਕੈਂਪ 'ਚ ਰੱਖਿਆ ਗਿਆ। 14 ਦਿਨਾਂ ਦੀ ਜਾਂਚ ਮਗਰੋਂ ਜਿਨ੍ਹਾਂ ਲੋਕਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਨਹੀਂ ਦਿੱਤੇ, ਉਨ੍ਹਾਂ ਨੂੰ ਆਪਣੇ-ਆਪਣੇ ਘਰ ਜਾਣ ਲਈ ਆਜ਼ਾਦ ਕਰ ਦਿੱਤਾ ਗਿਆ ਹੈ। ਉਨ੍ਹਾਂ 'ਚ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ 'ਚ ਖੁਸ਼ੀ ਦਾ ਮਾਹੌਲ ਹੈ ਕਿ ਉਹ ਵਾਪਸ ਆਪਣੇ ਘਰ ਜਾ ਰਹੇ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਜਿਵੇਂ ਉਨ੍ਹਾਂ ਨੂੰ ਨਵਾਂ ਜਨਮ ਮਿਲ ਗਿਆ ਹੋਵੇ। ਇਨ੍ਹਾਂ 'ਚੋਂ ਇਕ ਬੱਚੀ ਨੇ ਦੱਸਿਆ ਕਿ ਉਹ ਆਪਣੇ ਘਰ ਆਪਣੇ ਬੈੱਡ 'ਤੇ ਆਰਾਮਦਾਇਕ ਨੀਂਦ ਲੈਣ ਲਈ ਉਤਸੁਕ ਹੈ। ਹੋਵਾਰਡ ਸਪਰਿੰਗ ਕੈਂਪ 'ਚੋਂ ਅੱਜ 266 ਲੋਕਾਂ ਨੂੰ ਛੁੱਟੀ ਮਿਲੇਗੀ, ਇਨ੍ਹਾਂ ਨੂੰ ਇਸੇ ਮਹੀਨੇ ਚੀਨ ਦੇ ਵੂਹਾਨ ਤੋਂ ਆਸਟ੍ਰੇਲੀਆ ਲਿਆਂਦਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਵਿਕਟੋਰੀਆ 'ਚ ਕੱਲ ਦੋ ਹੋਰ ਵਿਅਕਤੀਆਂ ਦੇ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਸ਼ੁੱਕਰਵਾਰ ਰਾਤ ਕੁਈਨਜ਼ਲੈਂਡ 'ਚ ਦੋ ਔਰਤਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਖਬਰ ਮਿਲੀ ਸੀ ਤੇ ਇਨ੍ਹਾਂ ਨੂੰ ਅਗਲੇ ਇਲਾਜ ਲਈ ਬ੍ਰਿਸਬੇਨ ਭੇਜ ਦਿੱਤਾ ਗਿਆ ਹੈ। ਆਸਟ੍ਰੇਲੀਆ 'ਚ 22 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਖਬਰ ਹੈ ਅਤੇ 10 ਲੋਕਾਂ ਨੂੰ ਠੀਕ ਹੋਣ ਮਗਰੋਂ ਹਸਪਤਾਲਾਂ 'ਚੋਂ ਛੁੱਟੀ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਜਾਪਾਨ 'ਚ ਕਰੂਜ਼ ਜਹਾਜ਼ 'ਚ ਫਸੇ ਆਸਟ੍ਰੇਲੀਅਨਜ਼ ਨੂੰ ਵੀਰਵਾਰ ਵਾਪਸ ਲਿਆਂਦਾ ਗਿਆ ਹੈ ਤੇ ਇਨ੍ਹਾਂ ਨੂੰ ਵੀ ਕੁਝ ਦਿਨਾਂ ਲਈ ਡਾਕਟਰੀ ਨਿਗਰਾਨੀ 'ਚ ਰੱਖਿਆ ਜਾਵੇਗਾ।


Related News