'ਅਮਫਾਨ' ਤੂਫਾਨ ਕਾਰਨ ਬੰਗਲਾਦੇਸ਼ ਵਿਚ ਮਚੀ ਤਬਾਹੀ, 7 ਲੋਕਾਂ ਦੀ ਮੌਤ

05/21/2020 1:06:53 PM

ਢਾਕਾ- ਸ਼ਕਤੀਸ਼ਾਲੀ ਤੂਫਾਨ ਅਮਫਾਨ ਨਾਲ ਬੰਗਲਾਦੇਸ਼ ਵਿਚ ਵੀ ਤਬਾਹੀ ਮਚੀ ਹੋਈ ਹੈ। ਇੱਥੇ 6 ਸਾਲ ਦੇ ਬੱਚੇ ਸਣੇ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਇਲਾਕੇ ਪਾਣੀ ਵਿਚ ਡੁੱਬ ਗਏ ਤੇ ਸੈਂਕੜੇ ਘਰਾਂ ਨੂੰ ਨੁਕਸਾਨ ਪੁੱਜਾ। ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਤਕਰੀਬਨ 2 ਦਹਾਕਿਆਂ ਵਿਚ ਖੇਤਰ ਹੁਣ ਤੱਕ ਦੇ ਸਭ ਤੋਂ ਤਬਾਹੀ ਵਾਲੇ ਚੱਕਰਵਾਤੀ ਤੂਫਾਨ ਨਾਲ ਜੂਝ ਰਿਹਾ ਹੈ। ਇਹ ਚੱਕਰਵਾਤ ਸਿਦਰ ਦੇ ਬਾਅਦਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ। 2007 ਵਿਚ ਸਿਦਰ ਚੱਕਰਵਾਤ ਕਾਰਨ ਤਕਰੀਬਨ 3500 ਲੋਕਾਂ ਦੀ ਮੌਤ ਹੋਈ ਸੀ। 

ਢਾਕਾ ਟ੍ਰਿਬਿਊਨ ਨੇ ਦੱਸਿਆ ਕਿ ਬੰਗਲਾਦੇਸ਼ ਦੇ ਤਟੀ ਜ਼ਿਲ੍ਹਿਆਂ ਵਿਚ ਚੱਕਰਵਾਤ ਨਾਲ ਕਈ ਹੇਠਲੇ ਇਲਾਕੇ ਡੁੱਬ ਗਏ, ਦਰੱਖਤ ਟੁੱਟ ਗਏ ਅਤੇ ਘਰ ਨੁਕਸਾਨੇ ਗਏ। ਉਸ ਨੇ ਦੱਸਿਆ ਕਿ ਤੂਫਾਨ ਨਾਲ ਭਾਰਤ ਅਤੇ ਬੰਗਲਾਦੇਸ਼ ਵਿਚ ਕਾਫੀ ਨੁਕਸਾਨ ਹੋਇਆ। ਮ੍ਰਿਤਕਾਂ ਵਿਚ ਬਰਗੁਨਾ, ਪਿਰੋਜਪੁਰ, ਭੋਲਾ ਤੇ ਪਟੁਆਖਲੀ ਜ਼ਿਲ੍ਹਿਆਂ ਦੇ ਲੋਕ ਸ਼ਾਮਲ ਹਨ। ਖਬਰ ਵਿਚ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਬਰਗੁਨਾ ਵਿਚ ਡੁੱਬਣ ਕਾਰਨ 60 ਸਾਲਾ ਵਿਅਕਤੀ ਦੀ ਮੌਤ ਹੋ ਗਈ ਜਦਕਿ ਸਤਖਿਰਾ ਵਿਚ ਦਰੱਖਤ ਡਿੱਗਣ ਕਾਰਨ 40 ਸਾਲਾ ਔਰਤ ਦੀ ਮੌਤ ਹੋ ਗਈ। ਪਿਰੋਜਪੁਰ ਵਿਚ 6 ਸਾਲਾ ਵਿਅਕਤੀ ਉੱਪਰ ਕੰਧ ਡਿੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਭੋਲਾ ਵਿਚ ਤੂਫਾਨ ਕਾਰਨ 2 ਲੋਕਾਂ ਨੇ ਜਾਨ ਗੁਆਈ। ਮੌਸਮ ਵਿਗਿਆਨੀਆਂ ਮੁਤਾਬਕ ਤੂਫਾਨ ਨੇ ਤਕਰੀਬਨ 160 ਤੋਂ 180 ਪ੍ਰਤੀ ਘੰਟੇ ਦੀ ਰਫਤਾਰ ਨਾਲ ਬੁੱਧਵਾਰ ਨੂੰ ਸ਼ਾਮ 5 ਵਜੇ ਬੰਗਲਾਦੇਸ਼ ਤਟ ਪਾਰ ਕਰਨਾ ਸ਼ੁਰੂ ਕੀਤਾ। ਬੰਗਲਾਦੇਸ਼ ਨੇ 20 ਲੱਖ ਤੋਂ ਵਧੇਰੇ ਲੋਕਾਂ ਨੂੰ ਕੈਂਪਾਂ ਵਿਚ ਭੇਜਿਆ ਅਤੇ ਇਸ ਸ਼ਕਤੀਸ਼ਾਲੀ ਤੂਫਾਨ ਨਾਲ ਨਜਿੱਠਣ ਲਈ ਫੌਜ ਨੂੰ ਤਾਇਨਾਤ ਕੀਤਾ ਹੈ। 


Lalita Mam

Content Editor

Related News