ਪੱਛਮੀ ਦੇਸ਼ਾਂ ''ਚ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਸਾਈਕਲ ਸਵਾਰੀ ਨੂੰ ਕੀਤਾ ਜਾ ਰਿਹੈ ਉਤਸ਼ਾਹਿਤ

Sunday, May 03, 2020 - 05:05 PM (IST)

ਪੱਛਮੀ ਦੇਸ਼ਾਂ ''ਚ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਸਾਈਕਲ ਸਵਾਰੀ ਨੂੰ ਕੀਤਾ ਜਾ ਰਿਹੈ ਉਤਸ਼ਾਹਿਤ

ਮੈਡ੍ਰਿਡ- ਕੋਰੋਨਾ ਵਾਇਰਸ ਮਹਾਮਾਰੀ ਤੋਂ ਪੈਦਾ ਹੋਏ ਆਰਥਿਕ ਸੰਕਟ ਤੋਂ ਉਭਰਣ ਦੀ ਕੋਸ਼ਿਸ਼ ਵਿਚ ਲੱਗੇ ਪੱਛਮੀ ਦੇਸ਼ਾਂ ਵਿਚ ਟਰੇਨ ਤੇ ਬੱਸਾਂ ਵਿਚ ਯਾਤਰਾ ਕਰਨ ਦੀ ਬਜਾਏ ਸਾਈਕਲ ਸਵਾਰੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਜਰਮਨੀ ਤੋਂ ਲੈ ਕੇ ਪੇਰੂ ਤੱਕ ਦੇ ਸਮਾਜਿਕ ਵਰਕਰ ਸੜਕਾਂ 'ਤੇ ਵਧੇਰੇ ਸਾਈਕਲ ਲੇਨ ਬਣਾਉਣ ਜਾਂ ਪਹਿਲਾਂ ਤੋਂ ਮੌਜੂਦ ਲੇਨ ਨੂੰ ਚੌੜਾ ਕਰਨ ਦੀ ਮੰਗ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਸਥਾਈ ਤੌਰ 'ਤੇ ਹੀ ਸਹੀ ਪਰ ਇਹ ਕੀਤਾ ਜਾਣਾ ਚਾਹੀਦਾ ਹੈ। 

ਯੂਰਪੀ ਸਾਈਕਲ ਸੰਘ ਦੇ ਸਹਿ-ਪ੍ਰਧਾਨ ਮਾਰਟਿਨ ਕਾਬੇਲ ਮੁਤਾਬਕ ਜੇਕਰ ਸ਼ਹਿਰਾਂ ਨੂੰ ਸੁਚਾਰੂ ਰੂਪ ਨਾਲ ਚਲਾਉਣਾ ਹੈ ਤਾਂ ਸਾਨੂੰ ਸਾਈਕਲ ਦੇ ਲਈ ਵਧੇਰੇ ਸਹੀ ਵਾਤਾਵਰਣ ਬਣਾਉਣਾ ਹੋਵੇਗਾ। ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕ ਪਬਲਿਕ ਟ੍ਰਾਂਸਪੋਰਟ ਵਿਚ ਸਫਰ ਕਰਨ ਤੋਂ ਡਰਣਗੇ ਪਰ ਕਦੇ ਤਾਂ ਸਾਨੂੰ ਕੰਮ 'ਤੇ ਜਾਣਾ ਹੀ ਪਵੇਗਾ। ਬਹੁਤ ਘੱਟ ਸ਼ਹਿਰ ਅਜਿਹੇ ਹਨ ਜੋ ਸੜਕਾਂ 'ਤੇ ਕਾਰਾਂ ਦੀ ਵਧੇਰੇ ਗਿਣਤੀ ਬਰਦਾਸ਼ਤ ਕਰ ਸਕਣਗੇ। ਸੜਕਾਂ 'ਤੇ ਸਾਈਕਲ ਦੇ ਲਈ ਵੱਖਰੀ ਲੇਨ ਤੋਂ ਇਲਾਵਾ ਕਾਬੇਲ ਦੀ ਮੰਗ ਹੈ ਕਿ ਇਲੈਕਟ੍ਰਿਕ ਸਾਈਕਲ ਦੀ ਕੀਮਤ 'ਤੇ ਛੋਟ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਲੰਬੀ ਜਾਂ ਉਚਾਈ ਵਾਲੀ ਯਾਤਰਾ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। 

ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗੇਨ ਨੇ ਇਸ ਮਾਮਲੇ ਵਿਚ ਉਦਾਹਰਣ ਪੇਸ਼ ਕੀਤੀ ਹੈ, ਜਿਥੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਵਿਚੋਂ ਅੱਧੇ ਸਾਈਕਲ ਦੀ ਸਵਾਰੀ ਕਰਦੇ ਹਨ। ਨੀਦਰਲੈਂਡ ਵਿਚ ਹੀ ਸਾਈਕਲ ਲੇਨ ਦਾ ਵਿਸਤ੍ਰਿਤ ਜਾਲ ਵਿਛਿਆ ਹੋਇਆ ਹੈ। ਵਿਸ਼ਵ ਦੇ ਸਾਰੇ ਦੇਸ਼ ਹੁਣ ਸਾਈਕਲ ਦੇ ਮਹੱਤਵ ਨੂੰ ਹੌਲੀ-ਹੌਲੀ ਸਮਝ ਰਹੇ ਹਨ। ਫਰਾਂਸ ਦੀ ਸਰਕਾਰ ਨੇ ਸਾਈਕਲ ਦੀ ਵਰਤੋਂ ਦੀ ਵਕਾਲਤ ਕਰਨ ਵਾਲੇ ਸਮਾਜਿਕ ਵਰਕਰ ਪਿਅਰੇ ਸਰਨ ਨੂੰ ਕਿਹਾ ਕਿ ਉਹ 11 ਮਈ ਨੂੰ ਖਤਮ ਹੋਣ ਵਾਲੇ ਲਾਕਡਾਊਨ ਤੋਂ ਪਹਿਲਾਂ ਯੋਜਨਾ ਬਣਾ ਕੇ ਦੇਵੇ। ਸਰਨ ਨੇ ਆਵਾਜਾਈ ਮੰਤਰਾਲਾ ਨੂੰ ਆਪਣੇ ਸੁਝਾਅ ਦਿੱਤੇ ਸਨ, ਜਿਸ ਵਿਚ ਸੜਕਾਂ 'ਤੇ ਸਾਈਕਲ ਦੇ ਲਈ ਹੋਰ ਵਾਹਨਾਂ ਤੋਂ ਵੱਖਰੀ ਲੇਨ ਬਣਾਉਣ ਦੇ ਲਈ 50 ਹਜ਼ਾਰ ਯੂਰੋ ਪ੍ਰਤੀ ਕਿਲੋਮੀਟਰ ਦੀ ਅਨੁਮਾਨਿਤ ਲਾਗਤ ਦੱਸੀ ਗਈ ਸੀ।

ਬਰਲਿਨ ਵਿਚ ਕੁਝ ਸੜਕਾਂ 'ਤੇ ਪੀਲੀ ਲਕੀਰ ਬਣਾਕੇ ਕਾਰ ਤੇ ਸਾਈਕਲ ਦੇ ਲਈ ਵੱਖਰੀ ਲੇਨ ਬਣਾਈ ਗਈ ਹੈ। ਇਸ ਤਰ੍ਹਾਂ ਦੇ ਪ੍ਰਯੋਗ ਘੱਟ ਲਾਗਤ ਵਾਲੇ ਹੁੰਦੇ ਹਨ, ਜਿਹਨਾਂ ਦੇ ਨਤੀਜੇ ਤੁਰੰਤ ਦਿਖਾਈ ਦਿੰਦੇ ਹਨ। ਇਸੇ ਤਰ੍ਹਾਂ ਦੀ ਪਹਿਲ ਪੇਰੀ ਦੇ ਲਿਮਾ ਸ਼ਹਿਰ, ਸਪੇਨ ਦੇ ਬਾਰਸੀਲੋਨਾ ਤੇ ਇਟਲੀ ਦੇ ਮਿਲਾਨ ਵਿਚ ਵੀ ਕੀਤੀ ਜਾ ਰਹੀ ਹੈ। 


author

Baljit Singh

Content Editor

Related News