ਦੱਖਣੀ ਅਫਰੀਕਾ ''ਚ ਲੱਗਾ ਕਰਫਿਊ, ਸ਼ਰਾਬ ਦੀ ਵਿਕਰੀ ''ਤੇ ਰਹੇਗੀ ਪਾਬੰਦੀ
Monday, Jul 13, 2020 - 11:12 AM (IST)
ਜੌਹਨਸਬਰਗ- ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਐਮਰਜੈਂਸੀ ਨੂੰ 15 ਅਗਸਤ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਰਾਮਾਫੋਸਾ ਨੇ ਰਾਤ 9 ਵਜੇ ਤੋਂ ਸਵੇਰੇ 4 ਵਜੇ ਤੱਕ ਰੋਜ਼ਾਨਾ ਕਰਫਿਊ ਦਾ ਐਲਾਨ ਵੀ ਕੀਤਾ ਅਤੇ ਦੁਬਾਰਾ ਡਾਕਟਰੀ ਸਹੂਲਤਾਂ 'ਤੇ ਦਬਾਅ ਘਟਾਉਣ ਲਈ ਸ਼ਰਾਬ ਦੀ ਵਿਕਰੀ ਅਤੇ ਵੰਡ 'ਤੇ ਪਾਬੰਦੀ ਲਗਾਈ। ਭਾਵ ਹੁਣ ਪਰਿਵਾਰਕ ਮੁਲਾਕਾਤਾਂ ਅਤੇ ਸਮਾਜਿਕ ਮੁਲਾਕਾਤਾਂ 'ਤੇ ਵੀ ਪਾਬੰਦੀ ਹੋਵੇਗੀ।
ਰਾਮਾਫੋਸਾ ਨੇ ਕਿਹਾ ਕਿ ਇਸ ਸਮੇਂ ਦੱਖਣੀ ਅਫਰੀਕਾ ਵਿਚ ਕੋਵਿਡ-19 ਦੇ 2,76,242 ਮਾਮਲੇ ਹਨ ਅਤੇ 4,079 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ, ਜਿਨ੍ਹਾਂ ਵਿਚੋਂ ਇਕ-ਚੌਥਾਈ ਪਿਛਲੇ ਹਫ਼ਤੇ ਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਹਰ ਰੋਜ਼ਾਨਾ ਲਗਭਗ 12,000 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਨਾਰਾਜ਼ਗਗੀ ਪ੍ਰਗਟਾਉਂਦਿਆਂ ਕਿਹਾ ਕਿ ਬਹੁਤ ਸਾਰੇ ਲੋਕ ਅਜੇ ਵੀ ਸਾਵਧਾਨੀ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ।
ਰਮਾਫੋਸਾ ਨੇ ਕਿਹਾ, “ਸਾਡੇ ਵਿਚੋਂ ਕਈ ਲੋਕ ਤਾਲਾਬੰਦੀ ਦੇ ਨਿਯਮਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕਰ ਰਹੇ ਹਨ। ਕੋਰੋਨਾ ਦੇ ਇਸ ਦੌਰ ਦੌਰਾਨ ਕਈ ਲੋਕ ਪਾਰਟੀ ਕਰ ਰਹੇ ਹਨ, ਸ਼ਰਾਬ ਪੀ ਰਹੇ ਹਨ ਅਤੇ ਬਿਨਾ ਮਾਸਕ ਦੇ ਇਕੱਠੇ ਹੋ ਰਹੇ ਹਨ। ਉਸ ਨੇ ਕਿਹਾ ਕਿ ਸਿਰਫ 50 ਲੋਕਾਂ ਨੂੰ ਅੰਤਿਮ ਸੰਸਕਾਰ ਵਿਚ ਜਾਣ ਦੀ ਇਜਾਜ਼ਤ ਹੈ ਜਦਕਿ 1000 ਤੋਂ ਵੱਧ ਲੋਕ ਅੰਤਿਮ ਸੰਸਕਾਰ ਵਿਚ ਜਾ ਰਹੇ ਹਨ ਅਤੇ ਵਾਇਰਸ ਫੈਲਾ ਰਹੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਇਸੇ ਤਰ੍ਹਾਂ ਵਾਇਰਸ ਲਾਪਰਵਾਹੀ ਨਾਲ ਫੈਲਦੇ ਹਨ। ਮਾਰਚ ਤੋਂ ਜਾਰੀ ਦੇਸ਼ ਵਿਆਪੀ ਬੰਦ ਤੋਂ ਦੇਸ਼ ਵਿਚ ਸ਼ਰਾਬ 'ਤੇ ਪਾਬੰਦੀ ਸੀ, ਜਿਸ ਨੂੰ 1 ਜੂਨ ਨੂੰ ਹਟਾ ਦਿੱਤਾ ਗਿਆ, ਜਿਸ ਦੇ ਬਾਅਦ ਹਾਦਸਿਆਂ ਅਤੇ ਹਿੰਸਾ ਦੇ ਕਈ ਮਾਮਲੇ ਵਧੇ ਅਤੇ ਹਸਪਤਾਲਾਂ 'ਤੇ ਦਬਾਅ ਵਧਦਾ ਗਿਆ। ਇਸ ਦੇ ਮੱਦੇਨਜ਼ਰ, ਰਾਮਾਫੋਸਾ ਨੇ ਮੁੜ ਸ਼ਰਾਬ 'ਤੇ ਪਾਬੰਦੀ ਲਗਾ ਦਿੱਤੀ ਹੈ।